ਪਟਿਆਲਾ, 4 ਸਤੰਬਰ, ਦੇਸ਼ ਕਲਿੱਕ ਬਿਓਰੋ :
ਘੱਗਰ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਤੜਾਂ ਦੇ ਘੱਗਰ ਨੇੜਲੇ ਪਿੰਡਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਅੱਜ 4 ਸਤੰਬਰ 2025 ਨੂੰ ਸਵੇਰੇ 9.15 ਵਜੇ ਕੀਤਾ ਗਿਆ ਹੈ। ਲਗਾਤਾਰ ਭਾਰੀ ਸਥਾਨਕ ਬਾਰਿਸ਼ ਕਾਰਨ, ਖੇਤਾਂ ਵਿੱਚ ਪਾਣੀ ਭਰਨ ਕਾਰਨ ਅਤੇ ਬਾਦਸ਼ਾਹਪੁਰ ਵਿਖੇ ਘੱਗਰ ਦੇ ਸਾਰੇ ਗੇਜਾਂ ਦੇ ਖ਼ਤਰੇ ਦੇ ਪੱਧਰ ‘ਤੇ ਪਹੁੰਚਣ ਕਾਰਨ, ਹਰਚੰਦਪੁਰਾ ਅਤੇ ਬਾਦਸ਼ਾਹਪੁਰ ਦੇ ਉੱਪਰਲੇ ਪਾਸੇ ਪਾਣੀ ਇਕੱਠਾ ਹੋ ਰਿਹਾ ਹੈ। ਇਸ ਲਈ ਪਿੰਡ ਹਰਚੰਦ ਪੁਰਾ, ਬਾਦਸ਼ਾਹਪੁਰ, ਅਰਨੇਟੂ, ਰਸੋਲੀ, ਸ਼ੁਤਰਾਣਾ, ਜੋਗੇਵਾਲ, ਗੁਲਾਹੜ, ਪੈਂਦ, ਸਧਾਰਨਪੁਰ, ਸਿਊਨਾ ਆਦਿ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ/ਸਲਾਹਕਾਰੀ ਜਾਰੀ ਕੀਤੀ ਜਾਂਦੀ ਹੈ।
ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਹਾਇਤਾ ਪ੍ਰਦਾਨ ਕਰਨ ਲਈ ਹਾਜ਼ਰ ਹਨ। ਕਿਰਪਾ ਕਰਕੇ ਸਹਿਯੋਗ ਕਰੋ ਅਤੇ ਆਪਣੀ ਸੁਰੱਖਿਆ ਨੂੰ ਤਰਜੀਹ ਦਿਓ। ਸਿਰਫ਼ ਅਧਿਕਾਰਤ ਚੇਤਾਵਨੀਆਂ ਦੀ ਪਾਲਣਾ ਕਰੋ। ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰਾਂ ਦੀ ਵੀ ਸਥਾਪਨਾ ਕੀਤੀ ਗਈ ਹੈ, ਦੀ ਵੀ ਮਦਦ ਲਈ ਜਾ ਸਕਦੀ ਹੈ। ਕਿਸੇ ਵੀ ਹੰਗਾਮੀ ਸਥਿਤੀ ਵਿੱਚ ਪਾਤੜਾਂ ਦੇ ਕੰਟਰੋਲ ਰੂਮ ਨੰਬਰ 01764-243403 ਜਾਂ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।