ਦਿਪਾਂਕਰ ਵੱਲੋਂ SIR ਵਿਰੁੱਧ ਸਾਰੇ ਦੇਸ਼ ਨੂੰ ਲੜਾਈ ਲੜਨ ਦਾ ਸੱਦਾ
ਚੰਡੀਗੜ੍ਹ, 7 ਸਤੰਬਰ, ਦੇਸ਼ ਕਲਿੱਕ ਬਿਓਰੋ :
ਆਲ ਇੰਡੀਆ ਪੀਪਲਜ਼ ਫੌਰਮ (AIPF) ਵੱਲੋਂ ਕਾਮਰੇਡ ਸਵਪਨ ਮੁਖਰਜੀ ਨੂੰ ਸਮਰਪਿਤ ਭਾਸ਼ਣ ਲੜੀ ਦੇ ਤਹਿਤ, “ਬਿਹਾਰ ਵਿੱਚ ਕਰਵਾਏ ਜਾ ਰਹੇ ਸਪੈਸਲ ਇੰਟੇਸਿਵ ਰਿਵੀਜਨ (SIR) ਰਾਹੀਂ ਚੋਣ ਪ੍ਰਕਿਰਿਆ ਤੇ ਹਮਲਾ” ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦਿਪਾਂਕਰ ਭੱਟਾਚਾਰੀਆ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਕਾਮਰੇਡ ਮੰਗਤ ਰਾਮ ਪਾਸਲਾ, ਜੀਐਨਡੀ ਯੂ ਦੇ ਪ੍ਰੋ. ਕੁਲਦੀਪ ਸਿੰਘਨੇ ਕੀਤੀ ਅਤੇ ਸਟੇਜ ਦੀ ਕਾਰਵਾਈ ਕਾਮਰੇਡ ਕੰਵਲਜੀਤ ਸਿੰਘ ਨੇ ਚਲਾਈ।

ਕਾਮਰੇਡ ਦਿਪਾਂਕਰ ਭੱਟਾਚਾਰੀਆ ਨੇ ਬਿਹਾਰ ਵਿੱਚ ਚਲਾਈ ਗਈ ਸਪੈਸਲ ਇੰਟੇਸਿਵ ਰਿਵੀਜਨ (SIR) ਬਾਰੇ ਉਤੇ ਬੋਲਦੇ ਹੋਏ ਕਿਹਾ ਕਿ ਇਸ ਨਾਲ ਸਾਡੇ ਅਧਿਕਾਰ ਖੋਹਣ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਵਿਰੋਧੀ ਪਾਰਟੀਆਂ ਦਾ ਵਫ਼ਦ ਭਾਰਤ ਦੇ ਚੋਣ ਕਮਿਸ਼ਨ ਨੂੰ ਮਿਲਿਆ ਸੀ ਤਾਂ ਚੋਣ ਕਮਿਸ਼ਨ ਭਾਜਪਾ ਦੇ ਬੁਲਾਰੇ ਦੀ ਤਰ੍ਹਾਂ ਹੀ ਗੱਲ ਕਰਦੇ ਹਨ। ਚੋਣ ਕਮਿਸ਼ਨ ਇਸ ਬਾਰੇ ਉਸੇ ਤਰ੍ਹਾਂ ਹੀ ਬੋਲਦੇ ਹਨ ਜੋ ਮੋਦੀ ਬੋਲਦੇ ਹਨ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਚੋਣਾਂ ਤੋਂ ਪਹਿਲਾਂ ਕਰੀਬ 65 ਲੱਖ ਵੋਟਰਾਂ ਨੂੰ ਵੋਟਰ ਸੂਚੀ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਕਾਮਰੇਡ ਦਿਪਾਂਕਰ ਨੇ ਕਿਹਾ ਕਿ ਮਹਾਂਰਾਸ਼ਟਰ ਵਿਚ ਪਹਿਲਾਂ ਵੋਟ ਚੋਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਵੋਟ ਚੋਰਾਂ ਨੂੰ ਗੱਦੀ ਤੋਂ ਉਤਾਰਨਾਂ ਹੀ ਪਵੇਗਾ ਨਹੀਂ ਤਾਂ ਉਹ ਸਵਿਂਧਾਨ ਰਾਹੀਂ ਮਿਲੀ ਨਾਗਰਿਕਤਾ ਅਤੇ ਵੋਟ ਦੇ ਅਧਿਕਾਰ ਨੂੰ ਹੀ ਗਰੀਬਾਂ ਅਤੇ ਘੱਟ ਗਿਣਤੀਆਂ ਤੋਂ ਖੋਹ ਲੈਣਗੇ। ਉਨ੍ਹਾਂ ਕਿਹਾ ਕਿ ਜੋ ਅੱਜ SIR ਵਿਰੁੱਧ ਬਿਹਾਰ ਵਿੱਚ ਲੜ ਰਿਹੇ ਹਨ, ਉਸ ਵਿੱਚ ਸਾਰੇ ਦੇਸ਼ ਨੂੰ ਸਾਥ ਦੇਣਾ ਚਾਹੀਦਾ ਹੈ।

ਇਸ ਮੌਕੇ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਸੰਵਿਧਾਨਿਕ ਅਦਾਰਿਆਂ ਉਤੇ ਕਬਜ਼ਾ ਕਰ ਲਿਆ ਹੈ। ਅੱਜ ਭਾਜਪਾ ਦੇਸ਼ ਨੂ ਇਤਿਹਾਸ ਵਿੱਚ ਲੈਜਾ ਕੇ ਦਲਿਤਾਂ ਨੂੰ ਫਿਰ ਤੋਂ ਗੁਲਾਮ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਇਸ ਖਤਰਨਾਕ ਸਾਜ਼ਿਸ਼ ਬਾਰੇ ਪੋਲ ਖੋਲ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਸੀਨੀਅਰ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ, ਸੰਯੁਕਮ ਕਿਸਾਨ ਮੋਰਚੇ ਦੇ ਕੌਮੀ ਮੈਂਬਰ ਪ੍ਰਸੋਤਮ ਸ਼ਰਮਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਲੈਲਨ ਬਘੇਲ, ਅਜੈਬ ਸਿੰਘ ਟਿਵਾਣਾ, ਐਡਵੋਕੇਟ ਵਿਪਨ ਕੁਮਾਰ, ਕਾਮਰੇਡ ਲਾਲ ਬਹਾਦਰ, ਆਦਿ ਤੋਂ ਇਲਾਵਾ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੁਨੀਤ ਅਤੇ ਪ੍ਰਿੰਸ ਨੇ ਗੀਤਾਂ ਨਾਲ ਮਹੌਲ ਨੂੰ ਸਾਜਗਾਰ ਬਣਾਈ ਰੱਖਿਆ। ਪੰਜਾਬ ਯੂਨੀਵਰਸਿਟੀ ਤੋਂ ਵਿਦਿਆਰਥੀ ਜੱਥੇਬੰਦੀ ਆਈਸਾ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।