ਮੋਰਿੰਡਾ: 8 ਸਤੰਬਰ, ਭਟੋਆ
ਮੋਰਿੰਡਾ ਪੁਲਿਸ ਨੇ ਇੱਕ ਪੁਰਾਣੇ ਕਤਲ ਕੇਸ ਵਿੱਚ 21 ਸਾਲਾਂ ਬਾਅਦ ਮੰਡੀ ਗੋਬਿੰਦਗੜ੍ਹ ਦੇ ਇੱਕ ਵਿਦੇਸ਼ੀ ਨਾਗਰਿਕਤਾ ਵਾਲੇ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜਿਸ ਨੂੰ ਮੋਰਿੰਡਾ ਸਦਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਉਪਰੰਤ ਰੋਪੜ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਵੱਲੋਂ ਦੋਸ਼ੀ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐਸਪੀ ਸ੍ਰ ਜਤਿੰਦਰ ਪਾਲ ਸਿੰਘ ਮੱਲੀ ਤੇ ਇੰਸਪੈਕਟਰ ਕਲਾਸ ਬਹਾਦਰ ਨੇ ਦੱਸਿਆ ਕਿ ਸਾਲ 2004 ਵਿੱਚ ਜੋਰਾ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਚੰਨੋ, ਥਾਣਾ ਮੂਲੇਪੁਰ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਨੇ ਮੋਰਿੰਡਾ ਸਦਰ ਪੁਲਿਸ ਕੋਲ ਲਿਖਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਐੱਸ.ਡੀ.ਓ ਪਰਮਜੀਤ ਸਿੰਘ , ਆਪਣੀ ਡਿਊਟੀ ਉਪਰੰਤ ਘਰ ਵਾਪਸ ਨਹੀਂ ਪਹੁੰਚਿਆ। ਜੋਰਾ ਸਿੰਘ ਨੇ ਸ਼ੱਕ ਪ੍ਰਗਟ ਕੀਤੀ ਕਿ ਉਸਦੇ ਪੁੱਤਰ ਪਰਮਜੀਤ ਸਿੰਘ ਨੂੰ ਅਣਜਾਣ ਵਿਅਕਤੀਆਂ ਵੱਲੋਂ ਪਿੰਡ ਡੂਮਛੇੜੀ ਕੋਲ ਕਤਲ ਕਰ ਦਿੱਤਾ ਗਿਆ ਹੈ। ਡੀਐਸਪੀ ਸ੍ਰੀ ਮੱਲੀ ਨੇ ਦੱਸਿਆ ਕਿ ਇਸ ਸਬੰਧੀ ਮੋਰਿੰਡਾ ਸਦਰ ਪੁਲਿਸ ਵੱਲੋਂ ਆਈਪੀਸੀ ਦੀਆਂ ਧਾਰਾਵਾਂ 302/ 148/ 149 ਅਤੇ 120 ਬੀ ਅਧੀਨ ਮੁਕਦਮਾ ਨੰਬਰ 24, ਫਰਵਰੀ 2004 ਵਿੱਚ ਦਰਜ ਕਰਕੇ ਮਾਮਲੇ ਦੀ ਪੜਤਾਲ ਕਰਦਿਆਂ ਇਸ ਕਤਲ ਕੇਸ ਵਿੱਚ ਸ਼ਾਮਿਲ 6 ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ, ਪ੍ਰੰਤੂ ਸੱਤਵਾਂ ਦੋਸ਼ੀ ਹਰਭਜਨ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ,ਜਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਸ ਕਤਲ ਉਪਰੰਤ ਵਿਦੇਸ਼ ਇਟਲੀ ਭੱਜ ਗਿਆ ਸੀ ਜਿਸ ਨੂੰ ASJ, ਰੂਪਨਗਰ ਦੁਆਰਾ ਅਕਤੂਬਰ 2005 ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਇੰਸਪੈਕਟਰ ਕੈਲਾਸ਼ ਬਹਾਦਰ ਐਸਐਚਓ ਮੋਰਿੰਡਾ ਸਦਰ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਦੋਸ਼ੀ ਹਰਭਜਨ ਸਿੰਘ , ਮੰਡੀ ਗੋਬਿੰਦਗੜ੍ਹ ਵਿਖੇ ਆਪਣੇ ਘਰ ਆਇਆ ਹੋਇਆ ਹੈ। ਉਹਨਾਂ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਜਦੋਂ ਇੰਸਪੈਕਟਰ ਕੈਲਾਸ਼ ਬਹਾਦਰ ਵੱਲੋਂ ਪੁਲਿਸ ਪਾਰਟੀ ਸਮੇਤ ਹਰਭਜਨ ਸਿੰਘ ਦੇ ਘਰ ਮੰਡੀ ਗੋਬਿੰਦਗੜ੍ਹ ਵਿਖੇ ਛਾਪੇਮਾਰੀ ਕੀਤੀ ਗਈ ਤਾਂ ਦੋਸ਼ੀ ਘਰ ਨਹੀਂ ਮਿਲ ਸਕਿਆ ਸਗੋਂ ਦਿੱਲੀ ਚਲੇ ਗਿਆ। ਸ੍ਰੀ ਮੱਲੀ ਨੇ ਦੱਸਿਆ ਕਿ ਦੋਸ਼ੀ ਹਰਭਜਨ ਸਿੰਘ ਕੋਲ ਇਟਲੀ ਦੀ ਨਾਗਰਿਕਤਾ ਹਾਸਲ ਹੈ ਅਤੇ ਉਹ ਮੰਡੀ ਗੋਬਿੰਦਗੜ੍ਹ ਸਥਿਤ ਆਪਣੀ ਜਾਇਦਾਦ ਵੇਚਣ ਲਈ ਇਟਲੀ ਤੋਂ ਪੰਜਾਬ ਆਇਆ ਸੀ । ਇਸ ਮੌਕੇ ਤੇ ਗੱਲ ਕਰਦਿਆਂ ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਦੋਸ਼ੀ ਹਰਭਜਨ ਸਿੰਘ ਵੱਲੋਂ 4 ਸਤੰਬਰ ਨੂੰ ਆਪਣੀ ਜਾਇਦਾਦ ਵੇਚ ਦਿੱਤੀ ਅਤੇ ਇੱਥੋਂ ਭੱਜ ਗਿਆ , ਜਦਕਿ ਪੁਲਿਸ ਵੱਲੋ ਉਸਦਾ 4 ਸਤੰਬਰ ਨੂੰ ਹੀ LOC ਜਾਰੀ ਕੀਤਾ ਜਾ ਚੁੱਕਾ ਸੀ।
ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਹਰਭਜਨ ਸਿੰਘ ਦੇ ਹੋਰ ਟਿਕਾਣਿਆਂ ਤੇ ਛਾਪਾਮਾਰੀ ਕਰਕੇ ਉਸਦੇ ਬੈਂਕ ਖਾਤੇ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ, ਜਿਸ ਉਪਰੰਤ ਉਹਨਾਂ ਵੱਲੋਂ ਦੋਸ਼ੀ ਹਰਭਜਨ ਸਿੰਘ ਦੇ ਬੈਂਕ ਖਾਤੇ ਨੂੰ ਫ੍ਰੀਜ਼ ਕਰਨ ਸੰਬੰਧੀ ਅਰਜ਼ੀ ਦਾਇਰ ਕੀਤੀ ਗਈ , ਜਿਸ ਉਪਰੰਤ ਦੋਸ਼ੀ ਵੱਲੋ 5 ਸਤੰਬਰ ਨੂੰ ਆਪਣੀ ਜਾਇਦਾਦ ਵੇਚ ਕੇ ਹਾਸਿਲ ਕਰਕੇ ਜਮਾ ਕਰਵਾਏ ਗਏ 38 ਲੱਖ ਰੁਪਏ ਵਾਲੇ ਬੈਂਕ ਖਾਤੇ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਹਰਭਜਨ ਸਿੰਘ ਦਾ ਲਗਾਤਾਰ ਪੰਜ ਦਿਨ ਪਿੱਛਾ ਕਰਨ ਉਪਰੰਤ ਦੋਸ਼ੀ ਨੂੰ IGI ਹਵਾਈ ਅੱਡੇ ਦਿੱਲੀ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀ ਕੋਲੋਂ ਰਿਮਾਂਡ ਦੌਰਾਨ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਕਤਲ ਕੇਸ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਜਲਦੀ ਪੁਲਿਸ ਵੱਲੋਂ ਅਦਾਲਤ ਵਿੱਚ ਦੋਸ਼ੀ ਖਿਲਾਫ ਚਲਾਨ ਪੇਸ਼ ਕਰ ਦਿੱਤਾ ਜਾਵੇਗਾ।