ਨਾਭਾ, 8 ਸਤੰਬਰ, ਦੇਸ਼ ਕਲਿਕ ਬਿਊਰੋ :
ਅੱਜ ਸਵੇਰੇ ਨਾਭਾ ਵਿਖੇ ਇੰਡੋ ਬ੍ਰਿਟਿਸ਼ ਪ੍ਰਾਈਵੇਟ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਇਹ ਕਕਰਾਲਾ-ਦੁੱਲਾੜੀ ਸੜਕ ‘ਤੇ ਬਣੇ ਸੈਮ ਨਾਲੇ ਵਿੱਚ ਪਲਟ ਗਈ। ਬੱਸ ਵਿੱਚ ਲਗਭਗ 20 ਵਿਦਿਆਰਥੀ ਸਨ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਸਕੂਲ ਸਟਾਫ ਨੇ ਸ਼ੀਸ਼ੇ ਤੋੜ ਕੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਇੱਕ ਵਿਦਿਆਰਥੀ ਨੇ ਦੱਸਿਆ ਕਿ ਜਦੋਂ ਸਾਹਮਣੇ ਤੋਂ ਇੱਕ ਗੱਡੀ ਆਈ ਤਾਂ ਡਰਾਈਵਰ ਨੇ ਬੱਸ ਨੂੰ ਸਾਈਡ ‘ਤੇ ਲਿਜਾਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਕੂਲ ਪ੍ਰਬੰਧਕ ਮੌਕੇ ‘ਤੇ ਪਹੁੰਚ ਗਏ। ਖੁਸ਼ਕਿਸਮਤੀ ਨਾਲ, ਸਾਰੇ ਬੱਚੇ ਸੁਰੱਖਿਅਤ ਹਨ।
