ਸਰਕਾਰੀ ਸੀਨੀ.ਸੈਕੰ.ਸਕੂਲ ਸਰਸਾ ਨੰਗਲ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ, ਮੁਹਿੰਮ ਵਿੱਚ ਹਰ ਕਿਸੇ ਤੋ ਮੰਗਿਆ ਸਹਿਯੋਗ
ਚੰਡੀਗੜ੍ਹ/ਸਰਸਾ ਨੰਗਲ/ਕੀਰਤਪੁਰ ਸਾਹਿਬ 08 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਅੱਜ ਸਰਕਾਰੀ ਸੀਨੀ.ਸੈਕੰ.ਸਕੂਲ ਸਰਸਾ ਨੰਗਲ ਤੋਂ ਆਓ ਆਪਣੇ ਆਪਣੇ ਪਿੰਡ ਦਾ ਸਰਕਾਰੀ ਸਕੂਲ ਸਾਫ ਕਰੀਏ ਮੁਹਿੰਮ ਦੀ ਸੁਰੂਆਤ ਕੀਤੀ ਹੈ ਅਤੇ ਇਸ ਮੁਹਿੰਮ ਵਿੱਚ ਹਰ ਕਿਸੇ ਨੂੰ ਵੱਧ ਤੋ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋ ਹੜ੍ਹਾਂ ਕਾਰਨ ਪੰਜਾਬ ਦੇ ਲਗਭਗ 20 ਹਜ਼ਾਰ ਸਰਕਾਰੀ ਸਕੂਲ ਬੰਦ ਕੀਤੇ ਹੋਏ ਸਨ, ਜ਼ਿਨ੍ਹਾਂ ਨੂੰ ਅੱਜ ਸਾਫ ਸਫਾਈ ਲਈ ਖੋਲਿਆ ਗਿਆ ਹੈ, ਭਲਕੇ 9 ਸਤੰਬਰ ਨੂੰ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀ ਪਹੁੰਚ ਜਾਣਗੇ। ਅੱਜ ਅਸੀ ਇਨ੍ਹਾਂ ਸਰਕਾਰੀ ਸਕੂਲਾਂ ਦੀ ਸਾਫ ਸਫਾਈ ਅਤੇ ਸਥਿਤੀ ਜਾਨਣ ਲਈ ਇੱਕ ਵਿਸੇਸ਼ ਮੁਹਿੰਮ ਅਰੰਭ ਕੀਤੀ ਹੈ। ਜਿਸ ਤਹਿਤ ਆਪਣੇ ਆਪਣੇ ਇਲਾਕੇ ਦੇ ਸਰਕਾਰੀ ਸਕੂਲਾਂ ਵਿਚ ਸਾਫ ਸਫਾਈ ਦਾ ਵਿਸੇਸ਼ ਅਭਿਆਨ ਚਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਸਾਥੀ ਵਿਧਾਇਕਾਂ, ਪਿੰਡਾਂ ਦੇ ਪੰਚਾਂ, ਸਰਪੰਚਾਂ, ਯੂਥ ਕਲੱਬਾਂ, ਨੌਜਵਾਨਾਂ ਅਤੇ ਸਕੂਲ ਮੈਂਨੇਜਮੈਂਟ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਜਾ ਕੇ ਅਰੰਭ ਕੀਤੀ ਸਾਫ ਸਫਾਈ ਮੁਹਿੰਮ ਵਿੱਚ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਬੰਦ ਰਹਿਣ ਕਾਰਨ ਇਨ੍ਹਾਂ ਸਕੂਲਾਂ ਵਿਚ ਸਾਫ ਸਫਾਈ ਦੀ ਜਰੂਰਤ ਹੈ ਅਤੇ ਜੇਕਰ ਕਿਤੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਅਤੇ ਕੂੜਾ ਕਰਕਟ ਦੀ ਸਮੱਸਿਆ ਹੈ, ਉਸ ਨੂੰ ਅੱਜ ਹੀ ਹੱਲ ਕਰਵਾ ਲਿਆ ਜਾਵੇ। ਉਨ੍ਹਾਂ ਨੇ ਬੀਤੀ ਸ਼ਾਮ ਵੀ ਇਹ ਅਪੀਲ ਕੀਤੀ ਸੀ ਕਿ ਜੇਕਰ ਕਿਤੇ ਕੋਈ ਇਮਾਰਤ ਅਸੁਰੱਖਿਅਤ ਜਾਪਦੀ ਹੋਵੇ ਤਾਂ ਉਸ ਬਾਰੇ ਤੁਰੰਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸ.ਡੀ.ਐਮ ਜਾਂ ਇੰਜੀਨਿਅਰ ਵਿੰਗ ਨੂੰ ਸੂਚਿਤ ਕੀਤਾ ਜਾਵੇ, ਕਿਉਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸੁਰੱਖਿਆਂ ਸਾਡੀ ਪ੍ਰਾਥਮਿਕਤਾ ਹੈ।
ਇਸ ਮੌਕੇ ਜੁਝਾਰ ਸਿੰਘ ਆਸਪੁਰ ਮੈਂਬਰ ਸੈਣੀ ਵੈਲਫੇਅਰ ਬੋਰਡ ਪੰਜਾਬ, ਜਗਮੀਤ ਕੌਰ ਸਕੂਲ ਇੰਚਾਰਜ, ਹਰਵਿੰਦਰ ਕੌਰ ਬਲਾਕ ਪ੍ਰਧਾਨ, ਸੋਹਣ ਸਿੰਘ, ਸੀਤਾ ਰਾਮ, ਮੋਹਣ ਸਿੰਘ ਸਰਪੰਚ, ਨਵਪ੍ਰੀਤ ਸਿੰਘ, ਗੁਰਮੇਲ ਸਿੰਘ ਨੰਬਰਦਾਰ, ਹਰਭਜਨ ਸਿੰਘ, ਅਵਤਾਰ ਸਿੰਘ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।