ਕਾਠਮੰਡੂ, 9 ਸਤੰਬਰ, ਦੇਸ਼ ਕਲਿਕ ਬਿਊਰੋ :
ਨੇਪਾਲ ਸਰਕਾਰ ਨੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਇਸ ਪਾਬੰਦੀ ਨੂੰ ਹਟਾਉਣ ਦਾ ਐਲਾਨ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਰਕਾਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ ਨੇ ਕੀਤਾ। ਭ੍ਰਿਸ਼ਟਾਚਾਰ, ਅਸਮਾਨਤਾ ਅਤੇ ਘੁਟਾਲਿਆਂ ਦਾ ਦੋਸ਼ ਲਗਾਉਂਦੇ ਹੋਏ, ਦੇਸ਼ ਦੇ ਲੋਕ ਸੰਸਦ ਵਿੱਚ ਪਹੁੰਚੇ ਸਨ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਨੌਜਵਾਨਾਂ ਦੇ ਗੁੱਸੇ ਕਾਰਨ ਸੰਕਟ ਨੂੰ ਹੋਰ ਡੂੰਘਾ ਹੁੰਦਾ ਦੇਖ ਕੇ, ਸਰਕਾਰ ਨੇ ਸੋਮਵਾਰ ਦੇਰ ਰਾਤ ਕੈਬਨਿਟ ਮੀਟਿੰਗ ਬੁਲਾਈ। ਜਿਕਰਯੋਗ ਹੈ ਕਿ ਨੇਪਾਲ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈਆਂ ਝੜਪਾਂ ਵਿੱਚ 19 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 250 ਤੋਂ ਵੱਧ ਜ਼ਖਮੀ ਵੀ ਹੋਏ ਹਨ।
ਸੋਮਵਾਰ ਦੇਰ ਰਾਤ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ, ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਪਹਿਲੇ ਫੈਸਲੇ ‘ਤੇ ਪਛਤਾਵਾ ਨਹੀਂ ਹੈ, ਪਰ ਅੰਦੋਲਨ ਨੂੰ ਦੇਖਦੇ ਹੋਏ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਨੇਪਾਲ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਰਸਤਾ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਨੇ ‘ਜਨਰਲ-ਜ਼ੈਡ’ (ਨੌਜਵਾਨਾਂ ਦੇ ਸਮੂਹ) ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਵੀ ਕੀਤੀ।
