ਚੰਡੀਗੜ੍ਹ, 9 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਹਰ ਰਾਜਨੀਤਿਕ ਪਾਰਟੀ ਆਪਣੇ ਪੱਧਰ ਉਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲੱਗੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਵੱਖ ਵੱਖ ਥਾਵਾਂ ਉਤੇ ਨਗਦ ਅਤੇ ਤੇਲ ਦੀ ਮਦਦ ਦਿੱਤੀ ਗਈ। ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾਣ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਅਦਾ ਕੀਤਾ ਗਿਆ ਕਿ ਅਸੀਂ ਹਰੇਕ ਹੜ੍ਹ ਪ੍ਰਭਾਵਿਤ ਕਿਸਾਨ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ । ਅਸੀਂ ਨਾ ਸਿਰਫ਼ ਕਿਸਾਨਾਂ ਨੂੰ ਲੋੜੀਂਦੀ ਰਾਹਤ ਸਮੱਗਰੀ ਪਹੁੰਚਾਵਾਂਗੇ, ਬਲਕਿ ਉਨ੍ਹਾਂ ਨੂੰ ਆਉਣ ਵਾਲੀ ਕਣਕ ਦੀ ਫ਼ਸਲ ਬੀਜਣ ਵਿੱਚ ਵੀ ਮਦਦ ਕਰਾਂਗੇ ।
ਪੰਜਾਬ ਭਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹੇਠ ਲਿਖੇ ਇੰਤਜ਼ਾਮ ਕੀਤੇ ਗਏ ਹਨ:
1. ਪਸ਼ੂਆਂ ਲਈ 500 ਟਰੱਕ ਮੱਕੀ ਦਾ ਆਚਾਰ
2. 500 ਟਰੱਕ ਤੂੜੀ
3. 500 ਫੌਗਿੰਗ ਮਸ਼ੀਨਾਂ
4. 1 ਲੱਖ ਏਕੜ ਜ਼ਮੀਨ ਲਈ ਸਰਟੀਫ਼ਾਈਡ ਕਣਕ ਦੇ ਬੀਜ
5. ਹੜ੍ਹ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਲਈ 30,000 ਕੋਇੰਟਲ ਕਣਕ
6. ਗੁਰੂ ਰਾਮਦਾਸ ਹਸਪਤਾਲ, ਅੰਮ੍ਰਿਤਸਰ (ਐਸ.ਜੀ.ਪੀ.ਸੀ.) ਵੱਲੋਂ 125 ਮੈਡੀਕਲ ਕੈਂਪ
7. ਵੈਟਰਨਰੀ ਡਾਕਟਰਾਂ ਦੀਆਂ 25 ਟੀਮਾਂ
8. ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਸਾਫ਼ ਕਰਨ ਲਈ ਮਦਦ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਇਹ ਨੁਕਸਾਨ ਬਹੁਤ ਵੱਡਾ ਹੈ, ਮੈਂ ਨਿੱਜੀ ਤੌਰ ‘ਤੇ ਸਾਰੇ ਪੰਜਾਬੀਆਂ, ਉਦਯੋਗਪਤੀਆਂ, ਐਨ.ਜੀ.ਓਜ਼ (NGOs) ਅਤੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਲੋਕਾਂ ਦੀ ਮਦਦ ਲਈ ਵੱਧ ਤੋਂ ਵੱਧ ਸਹਿਯੋਗ ਦੇਈਏ ।