ਨਵੀਂ ਦਿੱਲੀ, 9 ਸਤੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਦੇ 17ਵੇਂ ਉਪ ਰਾਸ਼ਟਰਪਤੀ ਬਾਰੇ ਫੈਸਲਾ ਅੱਜ ਮੰਗਲਵਾਰ ਨੂੰ ਹੋ ਜਾਵੇਗਾ। ਚੋਣ ਵਿੱਚ, ਐਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੂੰ ਆਪਣੇ ਵਿਰੋਧੀ ਅਤੇ ਵਿਰੋਧੀ ਗਠਜੋੜ ਇੰਡੀਆ ਦੇ ਸਾਂਝੇ ਉਮੀਦਵਾਰ ਬੀ ਸੁਦਰਸ਼ਨ ਰੈਡੀ ਉੱਤੇ ਭਾਰੀ ਮੰਨਿਆ ਜਾ ਰਿਹਾ ਹੈ। ਬੀਜੂ ਜਨਤਾ ਦਲ (ਬੀਜੇਡੀ), ਸ਼੍ਰੋਮਣੀ ਅਕਾਲੀ ਦਲ (ਐਸਏਡੀ) ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਨੇ ਚੋਣ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਇਸ ਨਾਲ ਐਨਡੀਏ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ।
ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ ਹੋ ਰਹੀਆਂ ਇਸ ਚੋਣਾਂ ਵਿੱਚ, ਸੱਤਾਧਾਰੀ ਐਨਡੀਏ ਜਿੱਤ ਦੇ ਫਰਕ ਨੂੰ ਵਧਾਉਣ ‘ਤੇ ਨਜ਼ਰ ਰੱਖ ਰਿਹਾ ਹੈ। ਇਸ ਲਈ, ਭਾਜਪਾ ਅਤੇ ਕਾਂਗਰਸ ਤੋਂ ਬਰਾਬਰ ਦੂਰੀ ਬਣਾਈ ਰੱਖਣ ਵਾਲੀਆਂ ਪਾਰਟੀਆਂ ਨੂੰ ਖੁਸ਼ ਕਰਨ ਦੇ ਨਾਲ-ਨਾਲ, ਵਿਰੋਧੀ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਦੇ ਕੁਝ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਸੂਤਰਾਂ ਦਾ ਦਾਅਵਾ ਹੈ ਕਿ ਉਸਨੂੰ ਭਾਜਪਾ-ਕਾਂਗਰਸ ਤੋਂ ਬਰਾਬਰ ਦੂਰੀ ਬਣਾਈ ਰੱਖਣ ਵਾਲੇ 48 ਸੰਸਦ ਮੈਂਬਰਾਂ ਦੇ ਕੈਂਪ ਤੋਂ ਜ਼ਿਆਦਾਤਰ ਵੋਟਾਂ ਮਿਲਣਗੀਆਂ। ਤਿੰਨ ਆਜ਼ਾਦ ਸੰਸਦ ਮੈਂਬਰਾਂ ਤੋਂ ਇਲਾਵਾ, ਭਾਜਪਾ ZPM, VOTTP ਦੇ ਇੱਕ-ਇੱਕ ਵੋਟ ‘ਤੇ ਵੀ ਨਜ਼ਰ ਰੱਖ ਰਹੀ ਹੈ।
ਇਸ ਦੇ ਨਾਲ ਹੀ, ਵਿਰੋਧੀ ਧਿਰ ਇਸ ਚੋਣ ਦੇ ਬਹਾਨੇ ਏਕਤਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਧਿਰ ਵੀ ਐਨਡੀਏ ਕੈਂਪ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਹਿਯੋਗੀਆਂ ਤੋਂ ਇਲਾਵਾ, ਗਠਜੋੜ ਨੂੰ ਏਆਈਐਮਆਈਐਮ, ਆਜ਼ਾਦ ਸਮਾਜ ਪਾਰਟੀ ਅਤੇ ਚਾਰ ਆਜ਼ਾਦ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ।
