ਕਿਹਾ, 1600 ਕਰੋੜ ਰੁਪਏ ਨਾਲ ਜ਼ਖਮਾਂ ਉਤੇ ਨਮਕ ਛਿੜਕਣ ਦਾ ਕੰਮ ਕੀਤਾ
ਚੰਡੀਗੜ੍ਹ, 10 ਸਤੰਬਰ, ਦੇਸ਼ ਕਲਿੱਕ ਬਿਓਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤੇ 1600 ਕਰੋੜ ਰੁਪਏ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ਖਮਾਂ ਉਤੇ ਨਮਕ ਛਿੜਕਣ ਦਾ ਕਰਾਰ ਦਿੱਤਾ। ਅੱਜ ਇੱਥੇ ਪ੍ਰੈਸ ਕਾਨਫਰੰਸ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ 28-30 ਦਿਨਾਂ ਤੋਂ ਬਾਅਦ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦਾਂ ਦੌਰਾ ਕਰਨ ਆਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਵਿੱਚ ਆਈ ਐਨੀ ਵੱਡੀ ਆਫ਼ਤ ਲਈ ਸਿਰਫ 1600 ਕਰੋੜ ਰੁਪਏ ਹੀ ਦਿੱਤਾ, ਜੋ ਜ਼ਖਮਾਂ ਉਤੇ ਨਮਕ ਛਿੜਕਣ ਦੇ ਬਰਾਬਰ ਹੈ। ਉਨ੍ਹਾਂ ਹਿਕਾ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜ੍ਹੇ, ਸਗੋਂ ਸਿਆਸੀ ਰੋਟੀਆਂ ਸੇਕ ਕੇ, ਇਕ ਟੂਰਜ਼ਿਮ ਕਰਕੇ ਤੁਰਦੇ ਬਣੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵੱਧ ਪੈਸੇ ਮੰਗਣ ਦੀ ਗੱਲ ਕੀਤੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਬੋਲ ਤਾਂ ਦਿੱਤਾ 1600 ਕਰੋੜ ਰੁਪਏ, ਕੀ ਹਿੰਦੀ ਸਮਝ ਨਹੀਂ ਆਉਂਦੀ। ਇਸ ਨਾਲ ਉਨ੍ਹਾਂ ਪੰਜਾਬੀ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ ਦਿਖਾਈ ਦਿੰਦਾ ਹੈ ਕਿ ਉਹ ਪੰਜਾਬ ਨੂੰ ਕਿੰਨੀ ਨਫ਼ਰਤ ਕਰਦੇ ਹਨ।