ਐੱਸ.ਡੀ.ਐਮ. ਮੂਨਕ ਦੇ ਖਾਤੇ ਵਿੱਚ ਪਾਏ 30 ਹਜ਼ਾਰ ਰੁਪਏ
ਮੂਨਕ, 10 ਸਤੰਬਰ, ਦੇਸ਼ ਕਲਿੱਕ ਬਿਓਰੋ
ਵਧੀਕ ਡਿਪਟੀ ਕਮਿਸ਼ਨਰ ਜਨਰਲ ਵਜੋਂ ਸੇਵਾਵਾਂ ਨਿਭਾਅ ਚੁੱਕੇ ਸੇਵਾ ਮੁਕਤ ਪੀ.ਸੀ.ਐਸ. ਅਧਿਕਾਰੀ ਪ੍ਰੀਤਮ ਸਿੰਘ ਜੌਹਲ ਵੱਲੋਂ ਮੂਨਕ ਖੇਤਰ ਵਿੱਚ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਜਾਰੀ ਰਾਹਤ ਤੇ ਬਚਾਅ ਕਾਰਜਾਂ ਸਬੰਧੀ ਡੀਜ਼ਲ ਤੇ ਹੋਰ ਲੋੜੀਂਦੀ ਸਮੱਗਰੀ ਲਈ 30 ਹਜ਼ਾਰ ਰੁਪਏ ਦੀ ਰਾਸ਼ੀ ਐੱਸ.ਡੀ.ਐਮ. ਮੂਨਕ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ। ਇਸ ਇੱਕਤਰ ਕੀਤੀ ਰਾਸ਼ੀ ਵਿੱਚ ਡਾ. ਸੰਜੀਵ ਕੁਮਾਰ, ਕੈਂਪਸ ਡਾਇਰੈਕਟਰ, ਰਾਯਤ ਬਾਹੜਾ ਇੰਸਟੀਚਿਊਸ਼ਨਜ਼ ਆਫ ਲਾਅ ਐਂਡ ਫਾਰਮੇਸੀ, ਭੇਡਪੁਰਾ ਅਤੇ ਹੋਰ ਦਾਨੀ ਸੱਜਣਾਂ ਵੱਲੋਂ ਯੋਗਦਾਨ ਪਾਇਆ ਗਿਆ।
ਸ. ਜੌਹਲ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਤੇ ਸਮੁੱਚਾ ਪ੍ਰਸ਼ਾਸਨ ਦਿਨ-ਰਾਤ ਇੱਕ ਕਰੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ, ਉੱਥੇ ਇਸ ਮੁਸ਼ਕਲ ਦੀ ਘੜੀ ਵਿੱਚ ਆਮ ਲੋਕਾਂ ਨੂੰ ਵੀ ਅੱਗੇ ਵੱਧ ਕੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਹੜ੍ਹ ਪੀੜਤਾਂ ਦੀਆਂ ਦਿੱਕਤਾਂ ਨੂੰ ਘਟਾਇਆ ਜਾ ਸਕੇ।
ਸੇਵਾ ਮੁਕਤ ਪੀ.ਸੀ.ਐਸ. ਅਧਿਕਾਰੀ ਨੇ ਕਿਹਾ ਕਿ ਪੰਜਾਬੀ ਤਾਂ ਪੂਰੀ ਦੁਨੀਆਂ ਵਿੱਚ, ਜਿੱਥੇ ਵੀ ਕਿਤੇ ਆਫਤ ਆਵੇ, ਉੱਥੇ ਮਦਦ ਕਰਨ ਲਈ ਪੁੱਜ ਜਾਂਦੇ ਹਨ ਤੇ ਆਪਣੀ ਸੇਵਾ ਭਾਵਨਾ ਕਰ ਕੇ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ ਤਾਂ ਅੱਜ ਜਦੋਂ ਪੰਜਾਬ ਦੀ ਧਰਤੀ ਉੱਤੇ ਹੀ ਕੁਦਰਤੀ ਆਫਤ ਕਾਰਨ ਪੰਜਾਬੀਆਂ ਨੂੰ ਹੀ ਮਦਦ ਦੀ ਲੋੜ ਹੈ ਤਾਂ ਹਰ ਇੱਕ ਨੂੰ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ।




