ਨਵੀਂ ਦਿੱਲੀ, 10 ਸਤੰਬਰ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਨੌਕਰੀਆਂ ਦੇ ਨਾਂ ਉਤੇ ਹੈਰਾਨ ਕਰਨ ਵਾਲਾ ਇਕ ਵੱਡਾ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਨੌਕਰੀਆਂ ਦਾ ਲਾਲਚ ਦੇ ਦੇ ਲੋਕਾਂ ਤੋਂ ਲੱਖਾਂ ਰੁਪਏ ਠੱਗੇ ਗਏ ਹਨ। ਮਹਾਰਾਸ਼ਟਰ ਵਿੱਚ ਨੌਜਵਾਨਾਂ ਨਾਲ ਨੌਕਰੀਆਂ ਦੇਣ ਵਾਸਤੇ ਧੋਖਾ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ 45 ਸਾਲਾ ਲਾਰੈਂਸ ਹੇਨਰੀ ਵਾਸੀ ਨਾਗਪੁਰ ਦੇ ਮਲਹਗੀਨਗਰ ਨੂੰ ਗ੍ਰਿਫਤਾਰ ਕੀਤਾ ਹੈ। ਲਾਰੈਂਸ ਅਤੇ ਹੋਰ 6 ਸਾਥੀਆਂ ਨੇ ਮਿਲਕੇ ਮਹਾਰਾਸ਼ਟਰ ਸਰਕਾਰ ਦੇ ਵਿਭਾਗ ਵਿੱਚ ਜ਼ਾਅਲੀ ਇੰਟਰਵਿਊ ਕਰਵਾ ਕੇ ਕਈ ਲੋਕਾਂ ਨੂੰ ਠੱਗਿਆ ਹੈ।
ਖਬਰਾਂ ਮੁਤਾਬਕ ਇਸ ਗਿਰੋਹ ਨੇ ਨਾ ਸਿਰਫ ਉਮੀਦਵਾਰਾਂ ਤੋਂ ਪੈਸੇ ਵਸੂਲੇ, ਸਗੋਂ ਵਿਭਾਗ ਦੇ ਅੰਦਰ ਫਰਜ਼ੀ ਇੰਟਰਵਿਊ ਆਯੋਜਿਤ ਕੀਤੀ ਅਤੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਟੈਸਟ ਤੱਕ ਕਰਵਾਇਆ। ਪੁਲਿਸ ਨੇ ਦੱਸਿਆ ਕਿ ਲਾਰੈਂਸ ਹੇਨਰੀ ਨੇ ਪੁੱਛਗਿੱਛ ਵਿਚ 18 ਤੋਂ 20 ਲੋਕਾਂ ਦੇ ਨਾਮ ਦੱਸੇ ਹਨ, ਜੋ ਇਸ ਗਿਰੋਹ ਦਾ ਨਿਸ਼ਾਨੇ ਬਣੇ। ਉਨ੍ਹਾਂ ਦੀ ਪਤਨੀ ਸ਼ਿਲਪਾ ਲਾਰੈਂਸ ਹੇਨਰੀ ਫਰਾਰ ਹੈ ਅਤੇ ਉਸ ਖਿਲਾਫ ਚੰਦਰਪੁਰ ਤੇ ਵਰਧਾ ਪੁਲਿਸ ਥਾਣਿਆਂ ਵਿੱਚ ਮਾਮਲੇ ਦਰਜ ਹਨ। ਡੀਸੀਪੀ ਨੇ ਦੱਸਿਆ ਕਿ ਗਿਰੋਹ ਵਿਭਾਗ ਦੇ ਚਪੜਾਸੀਆਂ ਨਾਲ ਮਿਲਕੇ ਜ਼ਾਅਲੀ ਆਈ ਕਾਰਡ ਬਣਾਉਂਦਾ ਸੀ ਅਤੇ ਅਧਿਕਾਰੀਆਂ ਨਾਲ ਮਿਲਵਾਉਣ ਦਾ ਨਾਟਕ ਕਰ ਠੱਗੀ ਕਰਦਾ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।