ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਸੋਹਾਣਾ ਦੀ ਮੈਂਗਿਆਣਾ ਪੱਤੀ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਧਰਮਸ਼ਾਲਾ ਦਾ ਰੱਖਿਆ ਨੀਂਹ ਪੱਥਰ
ਕਿਹਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਪੰਜਾਬ ਵਿੱਚ ਸਰਵਪੱਖੀ ਵਿਕਾਸ ਦੇ ਨਾਲ ਭਾਈਚਾਰਕ ਸਾਂਝ ਨੂੰ ਵੀ ਕਾਇਮ ਰੱਖਣਾ
ਮੋਹਾਲੀ, 11 ਸਤੰਬਰ, 2025: ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਵਿੱਚ ਸਰਬਪੱਖੀ ਵਿਕਾਸ ਦੇ ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ, ਤਾਂ ਜੋ ਪੰਜਾਬ ਨੂੰ ਵਿਕਾਸ ਦੇ ਪੱਖੋਂ ਬੁਲੰਦੀਆਂ ਤੇ ਲਿਜਾਇਆ ਜਾ ਸਕੇ।
ਇਹ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਸੋਹਾਣਾ ਵਿਖੇ ਨਗਰ ਨਿਗਮ ਵੱਲੋਂ ਟੋਭੇ ਦਾ ਨਵੀਨੀਕਰਨ ਕਰਨ ਉਪਰੰਤ ਟੋਭੇ ਦਾ ਉਦਘਾਟਨ/ਲੋਕ ਸਮਰਪਣ ਕਰਨ ਅਤੇ ਇਸ ਦੇ ਨਾਲ ਹੀ ਸੋਹਾਣਾ ਵਿਖੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਟੋਭੇ ਦਾ ਰਕਬਾ 2.25 ਏਕੜ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਟੋਭੇ ਵਿੱਚ ਪਿੰਡ ਦੇ ਲੋਕਾਂ ਵੱਲੋਂ ਪਸ਼ੂਆਂ ਦਾ ਗੋਹਾ ਅਤੇ ਹੋਰ ਗੰਦਾ ਪਾਣੀ ਛੱਡਣ ਕਾਰਨ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇਸ ਟੋਭੇ ਦਾ 1.68 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ ਅਤੇ ਟੋਭੇ ਨੂੰ ਝੀਲ ਦਾ ਰੂਪ ਦਿੱਤਾ ਗਿਆ ਹੈ। ਟੋਭੇ ਵਿੱਚ ਮੱਛੀਆਂ ਵੀ ਛੱਡੀਆ ਜਾਣਗੀਆਂ ਅਤੇ ਫੁਹਾਰਾ ਵੀ ਲਗਾਇਆ ਜਾਵੇਗਾ ਤਾਂ ਜੋ ਇਹ ਜਗ੍ਹਾਂ ਲੋਕਾਂ ਦੀ ਸੈਰਗਾਹ ਬਣ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਹਰ ਸ਼ਹਿਰ ਵਾਸੀ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸੋਹਾਣਾ ਵਿਖੇ ਦੂਸਰੇ ਟੋਭੇ ਦਾ ਵੀ ਜਲਦ ਹੀ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਆਪਣੇ ਹਲਕੇ ਵਿੱਚ ਵਿਕਾਸ ਦੇ ਹਰ ਤਰ੍ਹਾਂ ਦੇ ਕੰਮਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਅਤੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਵੀਨੀਕਰਨ ਦੌਰਾਨ ਟੋਭੇ ਵਿੱਚ ਪਿੰਡਾਂ ਦੀਆਂ ਨਾਲੀਆਂ ਦਾ ਪਾਣੀ ਆਉਣ ਤੋਂ ਬੰਦ ਕਰਕੇ, ਟੋਭੇ ਦੀ ਡੀ-ਸਿਲਟਿੰਗ (ਗਾਰ ਕਢਵਾਉਣ) ਕਰਵਾਉਣ ਉਪਰੰਤ ਇਸ ਦੇ ਕਿਨਾਰਿਆਂ ਤੇ ਪੱਥਰ ਲਗਾ ਕੇ, ਕਿਨਾਰੇ ਨੂੰ ਪੱਕਾ ਕਰਵਾਇਆ ਗਿਆ ਹੈ ਅਤੇ ਲੋਕਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਹਨ ਅਤੇ ਟੋਭੇ ਦੇ ਆਲੇ-ਦੁਆਲੇ ਦਰੱਖਤ ਅਤੇ ਹੋਰ ਬੂਟੇ ਲਗਾਏ ਗਏ ਹਨ।
ਇਸ ਉਪਰੰਤ ਉਨ੍ਹਾਂ ਵੱਲੋਂ ਪਿੰਡ ਸੋਹਾਣਾ ਦੀ ਮੈਂਗਿਆਣਾ ਪੱਤੀ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਧਰਮਸ਼ਾਲਾ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਲੱਗਭਗ 2 ਕਨਾਲ ਦੀ ਜਗ੍ਹਾਂ ਵਿੱਚ ਪਹਿਲਾਂ ਬਣੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੋਣ ਕਾਰਨ ਉਸਨੂੰ ਢਾਹ ਦਿੱਤਾ ਗਿਆ ਹੈ ਅਤੇ ਨਵੀਂ ਧਰਮਸ਼ਾਲਾ ਵਿੱਚ 2000 ਵਰਗ ਫੁੱਟ ਦਾ ਹਾਲ ਬਣਾਇਆ ਜਾਵੇਗਾ, ਜਿਸ ਦੇ ਬਣਨ ਨਾਲ ਆਮ ਲੋਕ ਆਪਣੇ ਕਿਸੇ ਵੀ ਤਰ੍ਹਾਂ ਦੇ ਛੋਟੇ ਪਰਿਵਾਰਿਕ ਪ੍ਰੋਗਰਾਮ ਮਹਿੰਗੇ ਹੋਟਲਾਂ ਅਤੇ ਪੈਲਸਾਂ ਦੀ ਥਾਂ ਤੇ ਇਸ ਧਰਮਸ਼ਾਲਾ ਵਿੱਚ ਕਰ ਸਕਦੇ ਹਨ।
ਇਸ ਮੌਕੇ ਇਕੱਤਰ ਹੋਏ ਲੋਕਾਂ ਵੱਲੋਂ ਆਪਣੀਆਂ ਕੁਝ ਮੰਗਾਂ ਵੀ ਵਿਧਾਇਕ ਕੁਲਵੰਤ ਸਿੰਘ ਅੱਗੇ ਰੱਖੀਆ ਗਈਆਂ ਜਿਵੇਂ ਕਿ ਪੀਣ ਵਾਲੇ ਪਾਣੀ ਦੀ ਸਮੱਸਿਆਂ, ਸੀਵਰੇਜ ਦੀ ਸੱਮਸਿਆ, ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਟੁੱਟੀ ਹੋਈ ਸੜਕ ਦੀ ਰਿਪੇਅਰ, ਸ਼ਹਿਰ ਵਿਚਲੇ ਰਹਿੰਦੇ ਟੋਭੇ ਦਾ ਨਵੀਨੀਕਰਨ, ਬਿਜਲੀ ਦੀਆਂ ਲਟਕਦੀਆਂ ਢਿੱਲੀਆਂ ਤਾਰਾਂ ਨੂੰ ਠੀਕ ਕਰਾਉਣਾ, ਆਂਗਣਵਾੜੀ ਸਕੂਲ ਦੀ ਢਿੱਗਣ ਵਾਲੀ ਛੱਤ ਦੀ ਮੁਰੰਮਤ ਕਰਾਉਣਾ, ਬਿਜਲੀ ਦੇ ਕੱਟਾਂ ਨੂੰ ਰੋਕਣ ਲਈ ਦੋ ਨਵੇਂ ਟਰਾਂਸਫਾਰਮਰ ਲਗਾਉਣਾ ਆਦਿ।
ਉਕਤ ਮੰਗਾਂ ਦੇ ਸਬੰਧ ਵਿੱਚ ਵਿਧਾਇਕ ਵੱਲੋਂ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਹੀ ਪੂਰੀਆ ਕੀਤੀਆ ਜਾਣਗੀਆਂ। ਜਿਥੋਂ ਤੱਕ ਪੀਣ ਵਾਲੇ ਪੀਣ ਦੀ ਸਮੱਸਿਆ ਹੈ, ਨੂੰ ਹੱਲ ਕਰਦੇ ਹੋਏ ਨਹਿਰੀ ਪਾਣੀ ਦੀ ਸਪਲਾਈ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਬਿਜਲੀ ਦੀਆਂ ਲਟਕਦੀਆਂ ਤਾਰਾਂ ਦੀ ਰਿਪੇਅਰ ਕਰਨ ਅਤੇ ਟੁੱਟੀ ਹੋਈ ਸੜਕ ਦੀ ਮੁਰੰਮਤ ਵੀ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਉਨ੍ਹਾਂ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੀਆਂ ਬਹੁਤ ਸਾਰੀਆਂ ਗਾਰੰਟੀਆਂ ਪੂਰੀਆ ਕੀਤੀਆਂ ਜਾ ਚੁੱਕੀਆਂ ਹਨ, ਜਿਵੇਂ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ, ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਬਿਜਲੀ ਦਾ ਬਿੱਲ ਮਾਫ ਕੀਤਾ ਗਿਆ ਆਦਿ।
ਇਸ ਮੌਕੇ ਕਮਿਸ਼ਨਰ, ਨਗਰ ਨਿਗਮ, ਪਰਮਿੰਦਰਪਾਲ ਸਿੰਘ, ਚੀਫ ਇੰਜਨੀਅਰ ਨਰੇਸ਼ ਕੁਮਾਰ ਬੱਤਾ, ਕੁਲਦੀਪ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ ਐਮ.ਸੀ., ਅਵਤਾਰ ਸਿੰਘ ਮੌਲੀ, ਹਰਮੇਸ਼ ਸਿੰਘ ਕੁੰਬੜਾ,ਕਮਲਜੀਤ ਕੌਰ ਸਾਬਕਾ ਐਮ.ਸੀ, ਸੁਸ਼ੀਲ ਕੁਮਾਰ ਅਤਰੀ, ਪਰਮਿੰਦਰ ਸਿੰਘ, ਕੁਲਵੰਤ ਕੌਰ ਕੋਮਲ, ਗੁਰਦਰਸ਼ਨ ਸਿਘ, ਮਾਹੀ ਅਰੋੜਾ, ਤਰਨਜੀਤ ਕੌਰ, ਜਗਤਾਰ ਸਿੰਘ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ, ਅਰੁਣ ਗੋਇਲ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ, ਸੰਨੀ ਬਾਵਾ, ਜਤਿੰਦਰ ਸਿੰਘ ਪੰਮਾ, ਅਕਬਿੰਦਰ ਸਿੰਘ ਗੋਸਲ, ਭੁਪਿੰਦਰ ਸਿੰਘ ਪੰਚ ਮੌਲੀ, ਜਥੇਦਾਰ ਬਲਬੀਰ ਸਿੰਘ ਸਰਪੰਚ ਬੈਰੋਂਪੁਰ, ਜਸਬੀਰ ਕੌਰ ਅਤਲੀ, ਸੋਹਾਣਾ, ਬੰਤ ਸਿੰਘ ਸੋਹਾਣਾ ਵੀ ਹਾਜ਼ਰ ਸਨ।