ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੈਡਿਟਾਂ ਨੂੰ ਵਧਾਈ
ਚੰਡੀਗੜ੍ਹ, 11 ਸਤੰਬਰ: ਦੇਸ਼ ਕਲਿੱਕ ਬਿਓਰੋ
ਇਤਿਹਾਸਕ ਪ੍ਰਾਪਤੀ ਕਰਕੇ ਸੂਬੇ ਦਾ ਮਾਣ ਵਧਾਉਂਦਿਆਂ ਪੰਜਾਬ ਡਾਇਰੈਕਟੋਰੇਟ ਐਨ.ਸੀ.ਸੀ. ਦੇ ਕੈਡਿਟਾਂ ਨੇ ਲਗਾਤਾਰ ਦੂਜੇ ਸਾਲ (2024 ਅਤੇ 2025) ਵੱਕਾਰੀ ਆਲ ਇੰਡੀਆ ਥਲ ਸੈਨਿਕ ਕੈਂਪ (ਏ.ਆਈ.ਟੀ.ਐਸ.ਸੀ.) ਸੀਨੀਅਰ ਡਿਵੀਜ਼ਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਇਸ ਬੇਮਿਸਾਲ ਪ੍ਰਾਪਤੀ ਲਈ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲਗਾਤਾਰ ਦੂਜੀ ਜਿੱਤ ਸਾਡੇ ਐਨ.ਸੀ.ਸੀ. ਕੈਡਿਟਾਂ ਦੇ ਅਡੋਲ ਇਰਾਦੇ, ਦ੍ਰਿੜ੍ਹਤਾ ਅਤੇ ਅਨੁਸ਼ਾਸਨ ਦਾ ਪ੍ਰਮਾਣ ਹੈ। ਦੱਸਣਯੋਗ ਹੈ ਕਿ ਇਨ੍ਹਾਂ ਕੈਡਿਟਾਂ (ਪੀ.ਐਚ.ਐਚ.ਪੀ. ਐਂਡ ਸੀ.) ਨੇ ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਵੱਡੇ ਸੰਸਥਾਨਾਂ ਸਮੇਤ 16 ਤੋਂ ਵੱਧ ਡਾਇਰੈਕਟੋਰੇਟਾਂ ‘ਤੇ ਜਿੱਤ ਦਰਜ ਕਰਕੇ ਨਵਾਂ ਕੌਮੀ ਰਿਕਾਰਡ ਕਾਇਮ ਕੀਤਾ ਹੈ।
ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਜਿੱਤ ਸਿਰਫ਼ ਮੁਕਾਬਲਿਆਂ ਬਾਰੇ ਨਹੀਂ ਹੈ ਬਲਕਿ ਦੇਸ਼ ਪ੍ਰਤੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਡਿਟਾਂ ਨੇ ਸਮਾਜ ਲਈ ਔਖੀ ਘੜੀ ਵਿੱਚ ਵੀ ਆਪਣਾ ਲੋਹਾ ਮਨਵਾਇਆ ਹੈ, ਜਿਸ ਵਿੱਚ ਆਪ੍ਰੇਸ਼ਨ ਸਿੰਦੂਰ ਦੌਰਾਨ ਬੇਮਿਸਾਲ ਸੇਵਾ ਪ੍ਰਦਾਨ ਕਰਨ ਤੋਂ ਲੈ ਕੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸਿਵਲ ਅਧਿਕਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਮੈਦਾਨ ਵਿੱਚ ਚੈਂਪੀਅਨ ਅਤੇ ਸਮਾਜ ਦੇ ਰਖਵਾਲਿਆਂ ਵਜੋਂ ਇਨ੍ਹਾਂ ਕੈਡਿਟਾਂ ਦੀ ਭੂਮਿਕਾ ਐਨ.ਸੀ.ਸੀ. ਦੇ ਮੁੱਖ ਸਿਧਾਂਤਾਂ ਅਤੇ ਡਾਇਰੈਕਟੋਰੇਟ ਦੇ ਮੋਟੋ “ਅਨੁਸ਼ਾਸਨ ਅਤੇ ਸੇਵਾ ਸਭ ਤੋਂ ਉੱਪਰ” ਨੂੰ ਦਰਸਾਉਂਦੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੈਡਿਟਾਂ ਦੀ ਸਫਲਤਾ ਪੰਜਾਬ ਡਾਇਰੈਕਟੋਰੇਟ ਨੂੰ ਕੌਮੀ ਪੱਧਰ ‘ਤੇ ਮਿਲਟਰੀ ਅਨੁਸ਼ਾਸਨ ਅਤੇ ਲੀਡਰਸ਼ਿਪ ਦੇ ਮਾਰਗਦਰਸ਼ਕ ਵਜੋਂ ਸਥਾਪਤ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿੱਤਾਂ ਦਾ ਸਿਲਸਿਲਾ ਇਥੇ ਹੀ ਖ਼ਤਮ ਨਹੀਂ ਹੁੰਦਾ, ਸਗੋਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਪੰਜਾਬ ਪੂਰੇ ਦੇਸ਼ ਲਈ ਉੱਤਮਤਾ ਦੀ ਮਿਸਾਲ ਬਣੇਗਾ।
ਸ. ਬੈਂਸ ਨੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦੇ ਇੰਸਟਰਕਟਰਾਂ ਅਤੇ ਸਮੁੱਚੇ ਐਨ.ਸੀ.ਸੀ. ਫੈਟਰਨਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।