ਮੋਹਾਲੀ: 12 ਸਤੰਬਰ, ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ੍ਰੀਮਤੀ ਕੋਮਲ ਮਿੱਤਲ ਆਈ ਏ ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਉ਼ਣੀ 2025 ਦੌਰਾਨ ਝੋਨੇ ਦੀ ਕਟਾਈ ਅਤੇ ਫਸਲ ਦੀ ਸੁਚੱਜੀ ਸਾਂਭ ਸੰਭਾਲ ਲਈ ਮੁੱਖ ਖੇਤੀਬਾੜੀ ਅਫਸਰ ਡਾ਼ ਗੁਰਮੇਲ ਸਿੰਘ ਦੀ ਅਗਵਾਈ ਅਧੀਨ ਮੀਟਿੰਗ ਕੀਤੀ ਗਈ ।
ਮੁੱਖ ਖੇਤੀਬਾੜੀ ਅਫਸਰ ਡਾ ਗੁਰਮੇਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਲਈ ਜਿਲਾ ਪ੍ਰਸ਼ਾਸਨ ਵੱਲੋਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਇਸ ਲਈ ਕੰਬਾਈਨ ਮਾਲਕਾਂ ਨੂੰ ਕਿਹਾ ਗਿਆ ਕਿ ਇਸ ਸਮੇਂ ਦੌਰਾਨ ਹੀ ਕੰਬਾਈਨਾਂ ਚਲਾਈਆਂ ਜਾਣ ਤਾਂ ਜੋ ਮੰਡੀਆਂ ਵਿੱਚ ਆਉਣ ਵਾਲੀ ਫਸਲ ਵਿੱਚ ਸਰਕਾਰ ਵੱਲੋਂ ਨਿਸ਼ਚਿਤ ਨਮੀ ਦੀ ਮਾਤਰਾ ਬਰਕਰਾਰ ਰੱਖੀ ਜਾ ਸਕੇ ਅਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਉਚਿਤ ਕੀਮਤ ਮਿਲ ਸਕੇ।
ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਦੇ ਜਿਲਾ ਨੋਡਲ ਅਫਸਰ ਡਾ ਗੁਰਦਿਆਲ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋ ਕੰਬਾਈਨਾਂ ਦੇ ਨਾਲ ਸੁਪਰ ਐਸ ਐਮ ਐਸ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਹੁਕਮ ਹੋਏ ਹਨ ਅਤੇ ਜਿੰਨਾ ਖੇਤਾਂ ਵਿੱਚ ਪਰਾਲੀ ਦੀਆਂ ਗੰਢਾਂ ਬਣਾਈਆਂ ਜਾਣੀਆਂ ਹਨ ਉਹਨਾਂ ਖੇਤਾਂ ਦੇ ਕਿਸਾਨਾਂ ਪਾਸੋਂ ਪਰਾਲੀ ਦੀਆ ਗੰਢਾ ਬਣਾਉਣ ਅਤੇ ਇਸ ਨੂੰ ਅੱਗ ਨਾ ਲਗਾਉਣ ਸਬੰਧੀ ਕੰਬਾਇਨ ਮਾਲਕਾਂ ਵੱਲੋਂ ਲਿਖਤੀ ਰੂਪ ਵਿੱਚ ਲੈ ਲਿਆ ਜਾਵੇ ਅਤੇ ਜਿਨਾਂ ਖੇਤਾਂ ਵਿੱਚ ਗੰਢਾਂ ਨਹੀਂ ਬਣਾਈਆਂ ਜਾਣੀਆਂ ਉਹਨਾਂ ਖੇਤਾਂ ਵਿੱਚ ਇੰਨ-ਸੀਟੂ ਮਸ਼ੀਨਰੀ ਜਿਵੇਂ ਕਿ ਸੁਪਰ ਸੀਡਰ, ਉਲਟਾਵਾਂ ਹੱਲ, ਜੀਰੋ ਟਿੱਲ ਡਰਿੱਲ, ਚੌਪਰ ਅਤੇ ਮਲਚਰ ਆਦਿ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਵੇ।
ਮੀਟਿੰਗ ਵਿੱਚ ਭਾਗ ਲੈਣ ਵਾਲੇ ਕੰਬਾਈਨ ਮਾਲਕਾਂ ਨੇ ਜਿਲ੍ਹਾ ਪ੍ਰਸਾਸਨ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਕੰਬਾਈਨਾਂ ਚਲਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਝੋਨੇ ਦੀ ਕਟਾਈ ਕਰਕੇ ਸਮੇਂ ਸਿਰ ਫਸਲ ਦੀ ਸੰਭਾਲ ਕੀਤੀ ਜਾ ਸਕੇ।
ਇਸ ਮੀਟਿੰਗ ਵਿੱਚ ਜਿਲਾ ਫੂਡ ਸਪਲਾਈ ਦਫਤਰ ਤੋਂ ਫੂਡ ਸਪਲਾਈ ਅਫਸਰ ਸ੍ਰੀ ਬਿਕਰਮ ਸਿੰਘ ,ਸ੍ਰੀ ਵਿਨਾਇਕ ਸ਼ਰਮਾ ਸਹਾਇਕ ਰਜਿਸਟਰਾਰ ਸਹਿਕਾਰਤਾ , ਸ੍ਰੀ ਅਸ਼ਪ੍ਰੀਤ ਸਿੰਘ , ਸਹਾਇਕ ਵਾਤਾਵਰਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਸ੍ਰੀ ਜੁਝਾਰ ਸਿੰਘ ਖੇਤੀਬਾੜੀ ਇੰਜੀਨੀਅਰ ਅਤੇ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਜਿਲ੍ਹੇ ਵਿੱਚ ਕੰਮ ਕਰਨ ਵਾਲੇ ਕੰਬਾਈਨ ਮਾਲਕਾਂ ਵੱਲੋਂ ਭਾਗ ਲਿਆ ਗਿਆ।
