ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ, 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਪੰਜ ਗ੍ਰਿਫ਼ਤਾਰ

ਪੰਜਾਬ

ਪਾਕਿਸਤਾਨ-ਅਧਾਰਤ ਸਮੱਗਲਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ ਗ੍ਰਿਫ਼ਤਾਰ ਦੋਸ਼ੀ: ਡੀਜੀਪੀ ਪੰਜਾਬ

— ਬਰਾਮਦ ਕੀਤੇ ਗਏ ਹਥਿਆਰ ਪੰਜਾਬ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਕੀਤੇ ਜਾਣ ਵਾਲੇ ਸਨ ਸਪਲਾਈ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ/ਅੰਮ੍ਰਿਤਸਰ, 12 ਸਤੰਬਰ: ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਪੰਜ ਕਾਰਕੁਨਾਂ ਨੂੰ ਛੇ ਆਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਭਿੱਟੇਵਾੜ ਦੇ ਜਸਕਰਨ ਸਿੰਘ, ਅੰਮ੍ਰਿਤਸਰ ਦੇ ਪਿੰਡ ਰੰਗਗੜ੍ਹ ਦੇ ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ ਦੇ ਬੋਪਾਰਾਏ ਦੇ ਗੁਰਵਿੰਦਰ ਸਿੰਘ, ਅੰਮ੍ਰਿਤਸਰ ਦੇ ਬੋਪਾਰਾਏ ਦੇ ਅਮਨਦੀਪ ਸਿੰਘ ਅਤੇ ਲੁਧਿਆਣਾ ਦੇ ਪਿੰਡ ਮਨਸੂਰਾ ਦੇ ਹਰਕੀਰਤ ਸਿੰਘ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਮੈਗਜ਼ੀਨਾਂ ਸਮੇਤ ਦੋ 9 ਐਮਐਮ ਗਲੌਕ ਪਿਸਤੌਲ, ਮੈਗਜ਼ੀਨਾਂ ਸਮੇਤ ਦੋ .30 ਬੋਰ ਪੀਐਕਸ5 ਪਿਸਤੌਲ ਅਤੇ ਮੈਗਜ਼ੀਨਾਂ ਸਮੇਤ ਦੋ .30 ਬੋਰ ਸਟਾਰ ਮਾਰਕ ਪਿਸਤੌਲ ਸ਼ਾਮਲ ਹਨ।

ਪੁਲਿਸ ਟੀਮਾਂ ਨੇ ਉਨ੍ਹਾਂ ਦੀ ਸਵਿਫਟ ਕਾਰ, ਹੌਂਡਾ ਅਮੇਜ਼ ਕਾਰ ਅਤੇ ਸਪਲੈਂਡਰ ਮੋਟਰਸਾਈਕਲ ਜਿਸਦੀ ਵਰਤੋਂ ਖੇਪਾਂ ਦੀ ਡਿਲਿਵਰੀ ਲਈ ਕੀਤੀ ਜਾ ਰਹੀ ਸੀ, ਨੂੰ ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਸਥਿਤ ਤਸਕਰਾਂ ਜੋ ਸਰਹੱਦ ਪਾਰੋਂ  ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ, ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਹਵਾ ਦੇਣ ਦੇ ਇਰਾਦੇ ਨਾਲ ਪੰਜਾਬ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਹੇ ਸਨ।

ਇਸ ਆਪਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ, ਡੀਜੀਪੀ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਟੀਮਾਂ ਨੂੰ ਇੱਕ ਭਰੋਸੇਯੋਗ ਸੂਹ ਮਿਲੀ ਸੀ ਕਿ ਇੱਕ ਪਾਕਿਸਤਾਨ-ਅਧਾਰਤ ਤਸਕਰ ਨੇ ਡਰੋਨ ਰਾਹੀਂ ਦੋ ਵੱਖ-ਵੱਖ ਖੇਪਾਂ – ਹਥਿਆਰ ਅਤੇ ਨਸ਼ੀਲੇ ਪਦਾਰਥ – ਭੇਜੀਆਂ ਹਨ ਅਤੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਪ੍ਰਾਪਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਖੇਪਾਂ ਇਨ੍ਹਾਂ ਵਲੋਂ ਅਣਪਛਾਤੇ ਵਿਅਕਤੀਆਂ ਨੂੰ ਡਿਲੀਵਰ ਕਿਤੀਆਂ ਜਾਣੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਇੱਕ ਪੁਲਿਸ ਪਾਰਟੀ ਨੇ ਖੁਫੀਆ ਕਾਰਵਾਈ ਸ਼ੁਰੂ ਕੀਤੀ ਅਤੇ ਇਨ੍ਹਾਂ ਪੰਜ ਸ਼ੱਕੀਆਂ ਨੂੰ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਖੇਪਾਂ ਡਿਲਿਵਰ ਕਰਨ ਦੀ ਉਡੀਕ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਹਵਾਲਾ ਆਪਰੇਟਰ ਨਿਕਲਿਆ ਜਿਸਦੀ ਪਛਾਣ ਹਰਕੀਰਤ ਵਜੋਂ ਹੋਈ ਹੈ – ਜਿਸ ਤੋਂ 6 ਲੱਖ ਰੁਪਏ ਬਰਾਮਦ ਕੀਤੇ ਗਏ ਹਨ, ਅਤੇ ਇਹ ਪੈਸੇ ਹਵਾਲਾ ਚੈਨਲਾਂ ਰਾਹੀਂ ਪਾਕਿਸਤਾਨ ਭੇਜੇ ਜਾਣੇ ਸਨ।

ਉਨ੍ਹਾਂ ਅੱਗੇ ਕਿਹਾ ਕਿ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਇਸ ਸਬੰਧੀ ਐਫਆਈਆਰ ਨੰਬਰ 49 ਮਿਤੀ 12-09-2025 ਨੂੰ ਐਨਡੀਪੀਐਸ ਐਕਟ ਦੀ ਧਾਰਾ 21, 25, 27-ਏ ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।