ਸਿਹਤ ਮੰਤਰੀ ਬਲਬੀਰ ਸਿੰਘ ਨੇ ਅਜਨਾਲਾ ਲਈ 15 ਨਵੀਆਂ ਐਂਬੂਲੈਂਸਾਂ ਨੂੰ ਦਿਖਾਈ ਹਰੀ ਝੰਡੀ
ਹਰਜੋਤ ਸਿੰਘ ਬੈਂਸ ਵੱਲੋਂ 1.40 ਕਰੋੜ ਰੁਪਏ ਦੇ ਨਵੇਂ ਪੁਲ ਦੇ ਨਿਰਮਾਣ ਅਤੇ ਬਿਭੌਰ ਸਾਹਿਬ ਵਿਖੇ ਕੰਕਰੀਟ ਰਿਟੇਨਿੰਗ ਵਾਲ ਦੇ ਵਿਸਥਾਰ ਦਾ ਐਲਾਨ
ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿਧਾਨ ਸਭਾ ਹਲਕੇ ਵਿੱਚ ਵੰਡੀ ਜ਼ਰੂਰੀ ਰਾਹਤ ਸਮੱਗਰੀ
ਚੰਡੀਗੜ੍ਹ, 12 ਸਤੰਬਰ, ਦੇਸ਼ ਕਲਿੱਕ ਬਿਓਰੋ
ਹਾਲ ਹੀ ਵਿੱਚ ਆਏ ਹੜ੍ਹਾਂ ਪ੍ਰਤੀ ਇੱਕਜੁੱਟ ਅਤੇ ਹਮਦਰਦੀ ਭਰੇ ਜਵਾਬ ਵਿੱਚ, ਪੰਜਾਬ ਸਰਕਾਰ ਨੇ ਤੇਜ਼ੀ ਨਾਲ ਰਾਹਤ ਪ੍ਰਦਾਨ ਕਰਨ, ਜ਼ਰੂਰੀ ਸੇਵਾਵਾਂ ਬਹਾਲ ਕਰਨ ਅਤੇ ਪ੍ਰਭਾਵਿਤ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਬਹੁ-ਮੰਤਰਾਲਾ ਯਤਨ ਆਰੰਭੇ ਹੋਏ ਹਨ। ਇਸੇ ਤਹਿਤ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਸਿੱਖਿਆ, ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ, ਅਤੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੋਬਾਈਲ ਮੈਡੀਕਲ ਯੂਨਿਟਾਂ ਤਾਇਨਾਤ ਕਰਨ, ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਵਿੱਤੀ ਸਹਾਇਤਾ ਅਤੇ ਜ਼ਰੂਰੀ ਸਮਾਨ ਵੰਡ ਕੇ ਮੋਹਰੀ ਭੂਮਿਕਾ ਨਿਭਾਈ।
ਡਾ. ਬਲਬੀਰ ਸਿੰਘ ਨੇ ਅਜਨਾਲਾ ਲਈ 15 ਨਵੀਆਂ ਐਂਬੂਲੈਂਸਾਂ ਨੂੰ ਦਿਖਾਈ ਹਰੀ ਝੰਡੀ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮਹੱਤਵਪੂਰਨ, ਨਿਰਵਿਘਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ 15 ਨਵੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਈ। ਇਸ ਤਾਇਨਾਤੀ ਨਾਲ ਮੋਬਾਈਲ ਮੈਡੀਕਲ ਯੂਨਿਟਾਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਇਨ੍ਹਾਂ ਯੂਨਿਟਾਂ ਵਿੱਚ ਸਮਰਪਿਤ ਟੀਮਾਂ ਹਨ ਜੋ ਸਿਹਤ ਜਾਂਚ ਕਰਦੀਆਂ ਹਨ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੰਡਦੀਆਂ ਹਨ।
ਡਾ. ਬਲਬੀਰ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਅੱਠ ਸਾਲਾ ਗੁਰਦੇ ਦੀ ਬਿਮਾਰੀ ਦੇ ਮਰੀਜ਼ ਅਭਿਜੋਤ ਸਿੰਘ ਨੂੰ ਵੀ ਮਿਲਣ ਗਏ, ਅਤੇ ਉਨ੍ਹਾਂ ਦੇ ਪਰਿਵਾਰ ਨੂੰ 50,000 ਰੁਪਏ ਦਾ ਸਹਾਇਤਾ ਚੈੱਕ ਭੇਟ ਕੀਤਾ। ਸਿਹਤ ਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਅਭਿਜੋਤ ਦੇ ਇਲਾਜ ਦੇ ਸਾਰੇ ਖਰਚੇ ਨੂੰ ਸਹਨ ਕਰੇਗੀ ਅਤੇ ਹੜ੍ਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਇਸ ਉਪਰੰਤ ਡਾ. ਬਲਬੀਰ ਸਿੰਘ ਨੇ ਅਜਨਾਲਾ ਦੇ ਪਿੰਡ ਕੋਟ ਗੁਰਬਖਸ਼ ਦਾ ਦੌਰਾ ਕੀਤਾ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 50,000 ਰੁਪਏ ਦੇ ਚੈੱਕ ਵੰਡੇ। ਉਨ੍ਹਾਂ ਨੇ ਲੋਕਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਹੈਲਪਲਾਈਨ ਨੰਬਰ 104 ‘ਤੇ ਕਾਲ ਕਰਨ ਦੀ ਅਪੀਲ ਕੀਤੀ।
ਹਰਜੋਤ ਸਿੰਘ ਬੈਂਸ ਵੱਲੋਂ ਬਿਭੋਰ ਸਾਹਿਬ ਵਿਖੇ 1.40 ਕਰੋੜ ਰੁਪਏ ਦੇ ਨਵੇਂ ਪੁਲ ਦੇ ਨਿਰਮਾਣ ਅਤੇ ਕੰਕਰੀਟ ਰਿਟੇਨਿੰਗ ਵਾਲ ਦੇ ਵਿਸਥਾਰ ਦਾ ਐਲਾਨ
ਇਸ ਦੌਰਾਨ, ਸਿੱਖਿਆ, ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਹਲਕੇ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਬਹਾਲ ਅਤੇ ਮਜ਼ਬੂਤ ਕਰਨ ਦੇ ਯਤਨਾਂ ਦੀ ਅਗਵਾਈ ਕੀਤੀ। ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਇੱਕ ਸਰਗਰਮ ਉਪਾਅ ਵਜੋਂ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿਭੋਰ ਸਾਹਿਬ ਵਿਖੇ ਕੰਕਰੀਟ ਰਿਟੇਨਿੰਗ ਵਾਲ ਨੂੰ 400 ਫੁੱਟ ਹੋਰ ਵਧਾਉਣ ਦੇ ਆਦੇਸ਼ ਦਿੱਤੇ ਤਾਂ ਜੋ ਪਹਾੜੀ ਤੋਂ ਮਲਬਾ ਡਿੱਗਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ ਅਤੇ ਇਸ ਨੇੜਲੇ ਘਰਾਂ ਦੀਆਂ ਨੀਹਾਂ ਦੀ ਰੱਖਿਆ ਕੀਤੀ ਜਾ ਸਕੇ।
ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਪਿੰਡਾਂ ਦਾ ਸਰਗਰਮੀ ਨਾਲ ਦੌਰਾ ਕਰ ਰਹੇ ਹਨ ਅਤੇ ਮੁਕੰਮਲ ਸੜਕੀ ਨੈੱਟਵਰਕ ਦੁਬਾਰਾ ਜੋੜਨ ਨਾਲ ਆਵਾਜਾਈ ਦੇ ਰਸਤੇ ਆਮ ਵਾਂਗ ਚੱਲ ਰਹੇ ਹਨ, ਅਤੇ ਬਿਜਲੀ ਤੇ ਪਾਣੀ ਦੀਆਂ ਸਪਲਾਈ ਲਾਈਨਾਂ ਪੂਰੀ ਤਰ੍ਹਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਪੀਘਬੜੀ ਪਿੰਡ ਦੀ ਖੱਡ ਦਾ ਦੌਰਾ ਕੀਤਾ, ਜਿੱਥੇ ਜਿਆਦਾ ਪਾਣੀ ਆਉਣ ਕਰਕੇ ਲੋਕਾਂ ਦੇ ਘਰਾਂ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ ਹੈ। ਉਨ੍ਹਾਂ ਨੇ ਇਥੇ ਮੌਜੂਦਾ ਰਸਤਾ ਮਜ਼ਬੂਤ ਕਰਨ ਅਤੇ 1.40 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਪੁਲ ਬਣਾਉਣ ਦਾ ਵਾਅਦਾ ਕੀਤਾ ਤਾਂ ਜੋ ਸਾਰੇ ਵਸਨੀਕਾਂ ਲਈ ਆਵਾਜਾਈ ਦਾ ਸੁਚਾਰੂ ਪ੍ਰਵਾਹ ਯਕੀਨੀ ਬਣਾਇਆ ਜਾ ਸਕੇ।
ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿਧਾਨ ਸਭਾ ਹਲਕੇ ਵਿੱਚ ਜ਼ਰੂਰੀ ਰਾਹਤ ਸਮੱਗਰੀ ਵੰਡੀ
ਆਵਾਜਾਈ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪੱਟੀ ਵਿਧਾਨ ਸਭਾ ਹਲਕੇ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਰਾਹਤ ਸਮੱਗਰੀ ਵੰਡੀ। ਸਹਾਇਤਾ ਵਿੱਚ ਰਾਸ਼ਨ, ਤਰਪਾਲਾਂ, ਘਰੇਲੂ ਅਤੇ ਰਸੋਈ ਦੀਆਂ ਚੀਜ਼ਾਂ ਦੇ ਨਾਲ-ਨਾਲ ਜਾਨਵਰਾਂ ਲਈ ਚਾਰਾ ਅਤੇ ਚੋਕਰ ਸ਼ਾਮਲ ਸੀ। ਇਸ ਮੌਕੇ ਉਨ੍ਹਾਂ ਨੇ ਨਿੱਜੀ ਤੌਰ ‘ਤੇ ਲੋੜਵੰਦ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ। ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਨੁਕਸਾਨ ਦਾ ਮੁਲਾਂਕਣ ਕਰਨ ਲਈ 13 ਸਤੰਬਰ ਤੋਂ ਇੱਕ ਵਿਸ਼ੇਸ਼ ਗਿਰਦਾਵਰੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਪ੍ਰਕਿਰਿਆ 45 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਣੀ ਹੈ, ਜਿਸ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਸੌਂਪੇ ਜਾਣਗੇ।