ਪਟਿਆਲਾ, 12 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ, ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝੀ ਪ੍ਰਤੀਯੋਗੀ (ਪ੍ਰੀਲਿਮਿਨਰੀ) ਪ੍ਰੀਖਿਆ-2025 ਦੀ ਮਿਤੀ ਨੂੰ ਮੁੜ ਤੈਅ ਕੀਤਾ ਹੈ। ਇਹ ਪ੍ਰੀਖਿਆ ਹੁਣ ਐਤਵਾਰ, 26 ਅਕਤੂਬਰ, 2025 ਦੀ ਬਜਾਏ ਐਤਵਾਰ, 7 ਦਸੰਬਰ, 2025 ਨੂੰ ਆਯੋਜਿਤ ਹੋਵੇਗੀ।
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ, ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ 7 ਦਸੰਬਰ, 2025 (ਐਤਵਾਰ) ਦੇ ਸ਼ਡਿਊਲ ਅਨੁਸਾਰ ਦੋ ਸੈਸ਼ਨਾਂ ਵਿੱਚ ਲਈ ਜਾਵੇਗੀ।
ਪ੍ਰੀਖਿਆ ਲਈ ਦਾਖਲਾ ਕਾਰਡ ਪ੍ਰੀਖਿਆ ਦੀ ਮਿਤੀ ਤੋਂ ਲਗਭਗ ਦਸ ਦਿਨ ਪਹਿਲਾਂ ਕਮਿਸ਼ਨ ਦੀ ਵੈੱਬਸਾਈਟ ‘ਤੇ ਅਪਲੋਡ ਕੀਤੇ ਜਾਣਗੇ। ਉਮੀਦਵਾਰ ਅਧਿਕਾਰਤ ਵੈੱਬਸਾਈਟ https://ppsc.gov.in ‘ਤੇ ਉਪਲਬਧ “ਡਾਊਨਲੋਡ ਐਡਮਿਟ ਕਾਰਡ” ਲਿੰਕ ਰਾਹੀਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਸੰਬੰਧੀ ਵੇਰਵੇ ਐਡਮਿਟ ਕਾਰਡਾਂ ‘ਤੇ ਦਰਜ ਕੀਤੇ ਜਾਣਗੇ। ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੇਂ ਅਪਡੇਟਸ ਅਤੇ ਨਿਰਦੇਸ਼ਾਂ ਲਈ ਨਿਯਮਿਤ ਤੌਰ ‘ਤੇ ਕਮਿਸ਼ਨ ਦੀ ਵੈੱਬਸਾਈਟ ਦੇਖਦੇ ਰਹਿਣ।
ਚਰਨਜੀਤ ਸਿੰਘ ਨੇ ਦੱਸਿਆ ਕਿ ਪੀਪੀਐਸਸੀ ਦੇ ਚੇਅਰਮੈਨ, ਮੇਜਰ ਜਨਰਲ ਵਿਨਾਇਕ ਸੈਣੀ (ਸੇਵਾਮੁਕਤ), ਦੀ ਅਗਵਾਈ ਹੇਠ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਇਹ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਉਮੀਦਵਾਰਾਂ ਸਮੇਤ ਸਾਰੇ ਉਮੀਦਵਾਰਾਂ ਨੂੰ ਤਿਆਰੀ ਕਰਨ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਲੋੜੀਂਦਾ ਸਮਾਂ ਮਿਲ ਜਾਵੇ। ਪ੍ਰੀਖਿਆ ਮੁਲਤਵੀ ਕਰਨ ਨਾਲ ਪ੍ਰਭਾਵਿਤ ਖੇਤਰਾਂ ਦੇ ਉਮੀਦਵਾਰਾਂ ਨੂੰ ਤਿਆਰੀ ਕਰਨ ਲਈ ਲੋੜੀਂਦਾ ਸਮਾਂ ਮਿਲੇਗਾ।”