1600 ਕਰੋੜ ਰੁਪਏ ਤਾਂ ਸ਼ੁਰੂਆਤ; ਹੋਰ ਮਦਦ ਵੀ ਕਰੇਗੀ ਕੇਂਦਰ ਸਰਕਾਰ
*ਪੰਜਾਬ ਦੇ ਰਾਜਪਾਲ ਵੱਲੋਂ ਮਕਰੌੜ ਸਾਹਿਬ ਵਿਖੇ ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ
ਮੂਨਕ, 13 ਸਤੰਬਰ, ਦੇਸ਼ ਕਲਿੱਕ ਬਿਓਰੋ
ਘੱਗਰ ਦਰਿਆ ਸਬੰਧੀ ਹਾਲਾਤ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਮਕਰੌੜ ਸਾਹਿਬ ਪੁੱਜੇ ਪੰਜਾਬ ਦੇ ਰਾਜਪਾਲ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਘੱਗਰ ਦਰਿਆ ਦੀ ਸਮੱਸਿਆ ਦੇ ਹੱਲ ਲਈ
ਪੰਜਾਬ ਅਤੇ ਹਰਿਆਣਾ, ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਕਰਵਾਉਣਗੇ ਕਿਉਂਕਿ ਘੱਗਰ ਦੀ ਮਾਰ ਦੋਵੇਂ ਸੂਬਿਆਂ ਨੂੰ ਪੈਂਦੀ ਹੈ।
ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੈਦਾ ਹੋਏ ਐਮਰਜੈਂਸੀ ਹਾਲਾਤ ਦੇ ਮੱਦੇਨਜ਼ਰ ਫੌਰੀ ਰਾਹਤ ਹਿਤ ਕੇਂਦਰ ਸਰਕਾਰ ਵੱਲੋਂ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਕੇਵਲ ਸ਼ੁਰੂਆਤ ਹੈ। ਸੂਬੇ ਦੇ ਹੋਏ ਨੁਕਸਾਨ ਸਬੰਧੀ ਮੁਕੰਮਲ ਰਿਪੋਰਟਾਂ ਪ੍ਰਾਪਤ ਹੋਣ ‘ਤੇ ਕੇਂਦਰ ਵੱਲੋਂ ਹੋਰ ਰਾਹਤ ਰਾਸ਼ੀ ਵੀ ਮੁਹਈਆ ਕਰਵਾਈ ਜਾਵੇਗੀ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਨੁਕਸਾਨ ਰਾਵੀ ਦਰਿਆ ਕਾਰਨ, ਉਸ ਤੋਂ ਬਾਅਦ ਸਤਲੁਜ ਅਤੇ ਬਿਆਸ ਅਤੇ ਸਭ ਤੋਂ ਘੱਟ ਨੁਕਸਾਨ ਘੱਗਰ ਕਾਰਨ ਹੋਇਆ ਹੈ। ਸੰਗਰੂਰ ਜ਼ਿਲ੍ਹੇ ਵਿੱਚ ਘੱਗਰ ਦੀ ਸਿੱਧੀ ਮਾਰ ਤਾਂ ਨਹੀਂ ਪਈ ਪਰ ਭਾਰੀ ਬਰਸਾਤ ਕਾਰਨ 06 ਤੋਂ 07 ਹਜ਼ਾਰ ਹੈਕਟੇਅਰ ਖੇਤੀਬਾੜੀ ਵਾਲੀ ਜ਼ਮੀਨ ਪ੍ਰਭਾਵਿਤ ਹੋਈ ਅਤੇ 01 ਵਿਅਕਤੀ ਦੀ ਮੌਤ ਮਕਾਨ ਦੀ ਛੱਤ ਡਿੱਗਣ ਕਾਰਨ ਹੋਈ ਹੈ।
ਮੀਡੀਆ ਵੱਲੋਂ ਕੌਮੀ ਆਫ਼ਤ ਰਾਹਤ ਫੰਡ (ਐਨ.ਡੀ.ਆਰ.ਐੱਫ.) ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ਼੍ਰੀ ਕਟਾਰੀਆ ਨੇ ਕਿਹਾ ਕਿ ਇਹ ਫੰਡ ਕਿਸੇ ਵੀ ਆਫ਼ਤ ਸਮੇਂ ਬਣਦੇ ਹਾਲਾਤ ਦੇ ਮੁਕਾਬਲੇ ਲਈ ਹੁੰਦਾ ਹੈ ਤੇ ਇਸ ਵਿੱਚ ਕੇਂਦਰ ਅਤੇ ਰਾਜ ਦੋਵੇਂ ਸਰਕਾਰਾਂ ਵੱਲੋਂ ਯੋਗਦਾਨ ਪਾਇਆ ਜਾਂਦਾ ਹੈ। ਇਹ ਫੰਡ ਆਫ਼ਤ ਮੌਕੇ ਰਾਹਤ ਹਿਤ ਰੱਖੇ ਜਾਂਦੇ ਹਨ।
ਪੰਜਾਬ ਦੇ ਰਾਜਪਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਘੱਗਰ ਦੀ ਮਾਰ ਤੋਂ ਬਚਾਅ ਬਾਬਤ ਦਿਨ ਰਾਤ ਇੱਕ ਕਰ ਕੇ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਹਨਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਘੱਗਰ ਸਬੰਧੀ ਮੁਸ਼ਕਲ ਦੇ ਹੱਲ ਲਈ ਸੁਝਾਅ ਵੀ ਲਏ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਹਰਿਆਣਾ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਉਣ ਕਾਰਨ ਮਕਰੌੜ ਸਾਹਿਬ ਤੋਂ ਅੱਗੇ ਘੱਗਰ ਦਰਿਆ ਨੂੰ ਚੌੜਾ ਕਰਨ ਉੱਤੇ ਲੱਗੀ ਰੋਕ ਕਾਰਨ ਬਾਣੀ ਸੰਭਾਵੀ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਹ ਮੁਸ਼ਕਲ ਹੱਲ ਕਰਵਾਉਣ ਦੀ ਅਪੀਲ ਕੀਤੀ ਗਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਰਤਾਜ ਸਿੰਘ ਚਾਹਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।