ਲੁਧਿਆਣਾ, 13 ਸਤੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਾਰ ‘ਤੇ ਗੋਲੀਬਾਰੀ ਹੋਈ। ਇਹ ਘਟਨਾ ਥਾਣਾ ਡੇਹਲੋਂ ਦੇ ਇਲਾਕੇ ਵਿੱਚ ਉਸ ਸਮੇਂ ਵਾਪਰੀ ਜਦੋਂ ਬੈਂਸ ਆਪਣੀ ਕਾਰ ਲੈ ਕੇ ਫਾਰਮ ਹਾਊਸ ਤੋਂ ਬਾਹਰ ਜਾ ਰਹੇ ਸਨ। ਸੂਤਰਾਂ ਅਨੁਸਾਰ ਬੈਂਸ ਦਾ ਆਪਣੇ ਭਰਾ ਪਰਮਜੀਤ ਸਿੰਘ ਬੈਂਸ ਨਾਲ ਝਗੜਾ ਚੱਲ ਰਿਹਾ ਸੀ, ਇਸ ਝਗੜੇ ਕਾਰਨ ਪਰਮਜੀਤ ਦੇ ਪੁੱਤਰ ਜਗਜੋਤ ਨੇ ਸਿਮਰਜੀਤ ‘ਤੇ ਗੋਲੀਬਾਰੀ ਕਰ ਦਿੱਤੀ।
ਘਟਨਾ ਦੌਰਾਨ ਸਿਮਰਜੀਤ ਸਿੰਘ ਬੈਂਸ ਕਾਰ ਕੱਢ ਰਹੇ ਸਨ, ਹਾਲਾਂਕਿ, ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਇਸ ਘਟਨਾ ਵਿੱਚ ਕੋਈ ਸੱਟ ਨਹੀਂ ਲੱਗੀ।
ਇਸ ਘਟਨਾ ਤੋਂ ਬਾਅਦ ਜਦੋਂ ਮੀਡੀਆ ਨੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਚੁੱਪ ਰਿਹਾ, ਕੋਈ ਵੀ ਮੈਂਬਰ ਘਟਨਾ ਬਾਰੇ ਗੱਲ ਨਹੀਂ ਕਰ ਰਿਹਾ।
ਇਹ ਸਾਰਾ ਮਾਮਲਾ ਕਾਂਗਰਸ ਹਾਈ ਕਮਾਂਡ ਤੱਕ ਵੀ ਪਹੁੰਚ ਗਿਆ ਹੈ ਅਤੇ ਹਾਈ ਕਮਾਂਡ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਡੇਹਲੋਂ ਦੇ ਐਸਐਚਓ ਸੁਖਜਿੰਦਰ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਪਾਸਿਓਂ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
