ਅੰਮ੍ਰਿਤਸਰ/ਅਜਨਾਲਾ, 14 ਸਤੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ ਲਿਮ: ਕੰਪਲੈਕਸ ਤੋਂ ਹਲਕਾ ਅਜਨਾਲਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਮਾਲ ਵਿਭਾਗ ਦੇ ਪਟਵਾਰੀਆਂ ਦੀਆਂ 25 ਟੀਮਾਂ ਅਤੇ ਪੰਚਾਇਤੀ ਰਾਜ, ਲੋਕ ਨਿਰਮਾਣ ਵਿਭਾਗ, ਪੁਡਾ, ਵਿਭਾਗਾਂ ਦੇ ਜੁਨੀਅਰ ਇੰਜੀਨੀਅਰਾਂ ਅਧਿਕਾਰੀਆਂ ਤੇ ਅਧਾਰਿਤ 48 ਟੀਮਾਂ ਨੂੰ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਪ੍ਰਣ ਨਾਲ ਹੜਾਂ ਦੀ ਪਾਣੀ ਦੀ ਮਾਰ ‘ਚ ਬੁਰੀ ਤਰਾਂ ਤਬਾਹ ਹੋਏ ਵਿਧਾਨ ਸਭਾ ਹਲਕਾ ਅਜਨਾਲਾ ਦੇ 100 ਪਿੰਡਾਂ ‘ਚ ਹੜ੍ਹਾਂ ਦੀ ਮਾਰ ਨਾਲ ਨੁਕਸਾਨੀਆਂ ਗਈਆਂ ਫਸਲਾਂ ਦੀ ਗਿਰਦਾਵਰੀ ਅਤੇ ਹੜ੍ਹ ਪੀੜਤਾਂ ਦੇ ਨੁਕਸਾਨੇ ਗਏ ਘਰਾਂ ਦਾ ਸਰਵੇਖਣ ਕਰਕੇ ਮੁਆਵਜੇ ਲਈ ਰਿਪੋਰਟਾਂ ਤਿਆਰ ਕਰਨ ਲਈ ਰਵਾਨਾ ਕੀਤਾ।ਇਸ ਤੋਂ ਪਹਿਲਾਂ ਕੰਪਲੈਕਸ ਵਿਖੇ ਐਸਡੀਐਮ ਅਜਨਾਲਾ ਸ. ਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਉਕਤ ਮੁਲਾਜਮਾਂ ਤੇ ਅਧਿਕਾਰੀਆਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਤੇ ਸਾਬਕਾ ਮੰਤਰੀ ਸ. ਧਾਲੀਵਾਲ ਨੇ ਰਵਾਨਾ ਹੋਣ ਵਾਲੀਆਂ ਟੀਮਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਫਸਲਾਂ ਦੇ ਹੋਏ ਖਰਾਬੇ ਦੀਆਂ ਗਿਰਦਾਵਰੀਆਂ ਅਤੇ ਨੁਕਸਾਨੇ ਗਏ ਘਰਾਂ ਦਾ ਸਰਵੇਖਣ ਪਿੰਡ ਪਿੰਡ ਜਾ ਕੇ ਕਰਨ ਮੌਕੇ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਦਾ ਸਰਗਰਮ ਸਹਿਯੋਗ ਹਾਸਲ ਕੀਤਾ ਜਾਵੇ। ਘਰ ਬੈਠ ਕੇ ਜਾਂ ਪ੍ਰਭਾਵਿਤ ਲੋਕਾਂ ਕੋਲੋਂ ਨੁਕਸਾਨੇ ਗਏ ਘਰਾਂ ਦੀਆਂ ਤਸਵੀਰਾਂ ਮੋਬਾਇਲ ਤੇ ਮੰਗਵਾ ਕੇ ਸਰਵੇਖਣ ਰਿਪੋਰਟਾਂ ਤਿਆਰ ਕਰਨ ਵਾਲੇ ਮੁਲਾਜਮਾਂ ਤੇ ਅਧਿਕਾਰੀਆਂ ਦੀ ਕੋਤਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਫੌਰੀ ਤੌਰ ਤੇ ਅਨੁਸ਼ਾਸ਼ਨੀ ਵਿਭਾਗੀ ਕਾਰਵਾਈ ਕਰਨ ਲਈ ਮੁੱਖ ਸਕੱਤਰ ਪੰਜਾਬ ਨੂੰ ਉਨ੍ਹਾਂ (ਸ. ਧਾਲੀਵਾਲ ) ਵਲੋਂ ਲਿੱਖਤੀ ਸ਼ਿਕਾਇਤ ਭੇਜੀ ਜਾਵੇਗੀ।
ਉਨ੍ਹਾਂ ਨੇ ਗਿਰਦਾਵਰੀ ਤੇ ਸਰਵੇਖਣ ਲਈ ਤਾਇਨਾਤ ਟੀਮਾਂ ਨੂੰ ਇਹ ਵੀ ਨਿਰਦੇਸ਼ ਜਾਰੀ ਕੀਤੇ ਕਿ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟਾਂ ਤਿਆਰ ਕਰਕੇ ਐਸਡੀਐਮ ਅਜਨਾਲਾ ਸ. ਰਵਿੰਦਰ ਸਿੰਘ ਅਰੋੜਾ ਕੋਲ ਪੁਜਦੀਆਂ ਕੀਤੀਆਂ ਜਾਣ। ਟੀਮਾਂ ਵਲੋਂ ਪ੍ਰਾਪਤ ਹੋਈਆਂ ਸਰਵੇਖਣ ਰਿਪੋਰਟਾਂ ‘ਚੋਂ 10 ਫੀਸਦੀ ਰਿਪੋਰਟਾਂ ਦਾ ਵੱਖ ਵੱਖ ਪਿੰਡਾਂ ‘ਚ ਜਾ ਕੇ ਖੁੱਦ ਐਸਡੀਐਮ ਅਜਨਾਲਾ ਸ. ਅਰੋੜਾ ਅਤੇ ਵੱਖਰੇ ਤੌਰ ਤੇ ਜ਼ਿਲਾ੍ਹ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਜਾਂ ਉਨ੍ਹਾਂ ਵਲੋਂ ਜ਼ਿਲਾ੍ਹ ਪੱਧਰ ਤੇ ਤਾਇਨਾਤ ਨੋਡਲ ਅਫਸਰ ਵਲੋਂ ਮੁਆਇਨਾ ਕਰਕੇ ਜਾਇਜ਼ਾ ਲਿਆ ਜਾਵੇਗਾ, ਜਦੋਂਕਿ ਉਹ (ਸ. ਧਾਲੀਵਾਲ ) ਖੁੱਦ ਵੀ ਪ੍ਰਭਾਵਿਤ ਪਿੰਡਾਂ ‘ਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਤੇ ਹੜਾਂ ‘ਚੋਂ ਜਾਨਾਂ ਬਚਾਉਣ ਲਈ ਆਪਣੀ ਸਰਗਰਮ ਭੂਮਿਕਾ ਵਾਂਗ ਹੀ ਗਿਰਦਾਵਰੀਆਂ ਤੇ ਸਰਵੇਖਣ ਰਿਪੋਰਟਾਂ ਦਾ ਜਾਇਜ਼ਾ ਬਕਾਇਦਾ ਲੈਣਗੇ ਤਾਂ ਜੋ ਕੋਈ ਵੀ ਯੋਗ ਲਾਭਪਾਤਰ ਸਰਕਾਰੀ ਮੁਆਵਜੇ ਤੋਂ ਵਾਂਝਾ ਨਾ ਰਹਿ ਸਕੇ।
ਸ. ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਟੀਮਾਂ ਵਾਂਗ ਹੀ ਹੜਾਂ ਦੇ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਏ ਜਾਂ ਫਿਰ ਮਾਰੇ ਗਏ ਪਸ਼ੂਆਂ ਦਾ ਵੀ ਸਰਵੇਖਣ ਕਰਨ ਲਈ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ ਮੁਆਵਜਾ ਦੇਣ ਹਿੱਤ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਹਲਕੇ ਦੇ ਉਕਤ ਪ੍ਰਭਾਵਿਤ 100 ਪਿੰਡਾਂ ‘ਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਐਸਡੀਐਮ ਅਜਨਾਲਾ ਸ. ਰਵਿੰਦਰ ਸਿੰਘ ਅਰੋੜਾ, ਐਸਡੀਓ ਮਨਜਿੰਦਰ ਸਿੰਘ ਮੱਤੇਨੰਗਲ, ਜ਼ਿਲਾ੍ਹ ਟੈਕਨੀਕਲ ਅਫਸਰ ਪ੍ਰਿੰਸ ਸਿੰਘ, ਬੀਡੀਪੀਓ ਅਜਨਾਲਾ ਸ. ਸਿਤਾਰਾ ਸਿੰਘ ਵਿਰਕ, ਬੀਡੀਪੀਓ ਹਰਸ਼ਾ ਛੀਨਾ ਪ੍ਰਗਟ ਸਿੰਘ, ਬੀਡੀਪੀਓ ਰਮਦਾਸ ਪਵਨ ਕੁਮਾਰ, ਓਐਸਡੀ ਗੁਰਜੰਟ ਸਿੰਘ ਸੋਹੀ, ਮੀਡੀਆ ਸਲਾਹਕਾਰ ਐੱਸ. ਪ੍ਰਸ਼ੋਤਮ, ਪੀਏ ਮੁਖਤਾਰ ਸਿੰਘ ਬਲੜਵਾਲ, ਆਦਿ ਮੌਜੂਦ ਸਨ।