ਸਰਕਾਰੀ ਸਕੂਲ ’ਚ ਦਿੱਤਾ ਗਿਆ ਮਿੱਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ 50 ਤੋਂ ਵੱਧ ਵਿਦਿਆਰਥੀਆਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਬੱਚਿਆਂ ਨੇ ਪੇਟ ਦਰਦ ਤੇ ਸਿਰ ਦਰਦ ਦੀ ਸ਼ਿਕਾਇਤ ਕੀਤੀ।
ਜੈਪੁਰ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਸਰਕਾਰੀ ਸਕੂਲ ’ਚ ਦਿੱਤਾ ਗਿਆ ਮਿੱਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ 50 ਤੋਂ ਵੱਧ ਵਿਦਿਆਰਥੀਆਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਬੱਚਿਆਂ ਨੇ ਪੇਟ ਦਰਦ ਤੇ ਸਿਰ ਦਰਦ ਦੀ ਸ਼ਿਕਾਇਤ ਕੀਤੀ। ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਨੰਗਲ ਰਾਜਾਵਤਨ ਦੇ ਚੂਡੀਆਵਾਸ ਸਕੂਲ ‘ਚ ਇਹ ਘਟਨਾ ਵਾਪਰੀ,ਜਿਸ ਤੋਂ ਬਾਅਦ ਬੱਚਿਆਂ ਨੂੰ ਤੁਰੰਤ ਨੰਗਲ ਸੀਐਚਸੀ ਲਿਆਂਦਾ ਗਿਆ।
ਡਾਕਟਰਾਂ ਨੇ ਗੰਭੀਰ ਹਾਲਤ ਵਾਲੇ ਲਗਭਗ 20 ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ ਦੌਸਾ ਰੈਫਰ ਕਰ ਦਿੱਤਾ। ਫ਼ਿਲਹਾਲ ਸਾਰੇ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜ਼ਿਲ੍ਹਾ ਕੁਲੈਕਟਰ ਦੇਵੇਂਦਰ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਖਾਣੇ ਦੀ ਗੁਣਵੱਤਾ ਠੀਕ ਨਾ ਹੋਣ ਕਰਕੇ ਬੱਚਿਆਂ ਦੀ ਤਬੀਅਤ ਖਰਾਬ ਹੋਈ। ਮਾਮਲੇ ਦੀ ਜਾਂਚ ਲਈ ਦੋ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ—ਫੂਡ ਸੇਫਟੀ ਅਧਿਕਾਰੀ ਭੋਜਨ ਦੀ ਜਾਂਚ ਕਰੇਗਾ, ਜਦੋਂਕਿ ਸਿੱਖਿਆ ਵਿਭਾਗ ਦੀ ਟੀਮ ਪੋਸ਼ਣ ਪ੍ਰਬੰਧ ’ਤੇ ਰਿਪੋਰਟ ਦੇਵੇਗੀ।
ਜਾਣਕਾਰੀ ਅਨੁਸਾਰ, ਬੱਚਿਆਂ ਨੂੰ ਸਵੇਰੇ 8 ਵਜੇ ਦੁੱਧ ਦਿੱਤਾ ਗਿਆ ਸੀ, ਉਸ ਤੋਂ ਬਾਅਦ ਰੋਟੀ-ਸਬਜ਼ੀ ਪਰੋਸੀ ਗਈ। ਖਾਣੇ ਤੋਂ ਕੁਝ ਹੀ ਸਮੇਂ ਬਾਅਦ ਬੱਚਿਆਂ ਨੇ ਉਲਟੀਆਂ, ਪੇਟ ਦਰਦ ਅਤੇ ਸਿਰ ਦਰਦ ਦੀਆਂ ਸ਼ਿਕਾਇਤਾਂ ਸ਼ੁਰੂ ਕਰ ਦਿੱਤੀਆਂ। ਪਰਿਵਾਰਾਂ ਅਤੇ ਸਕੂਲ ਵਿੱਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ।
ਕੁਲੈਕਟਰ ਨੇ ਸਪਸ਼ਟ ਕੀਤਾ ਹੈ ਕਿ ਜੇਹੜੇ ਵੀ ਇਸ ਲਾਪਰਵਾਹੀ ਦੇ ਜ਼ਿੰਮੇਵਾਰ ਮਿਲਣਗੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।