ਨਵੀਂ ਦਿੱਲੀ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਇੱਕ ਮੋਟਰਸਾਈਕਲ ਅਤੇ ਕਾਰ ਫਲਾਈਓਵਰ ਤੋਂ ਹੇਠਾਂ ਰੇਲਵੇ ਲਾਈਨ ‘ਤੇ ਡਿੱਗ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਫੋਰਸ ਮੌਕੇ ‘ਤੇ ਮੌਜੂਦ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਅਨੁਸਾਰ ਅੱਜ ਐਤਵਾਰ ਸਵੇਰੇ ਦਿੱਲੀ ਦੇ ਸਮੇਪੁਰ ਬਦਲੀ ਇਲਾਕੇ ਵਿੱਚ ਰੇਲਵੇ ਟਰੈਕ ‘ਤੇ ਮੁਕਰਬਾ ਚੌਕ ਫਲਾਈਓਵਰ ਤੋਂ ਇੱਕ ਕਾਰ ਤੇ ਬਾਈਕ ਰੇਲਿੰਗ ਤੋੜ ਕੇ ਹੇਠਾਂ ਡਿੱਗ ਗਏ। ਹਾਦਸੇ ਵਿੱਚ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਡਰਾਈਵਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੱਕ ਬਾਈਕ ਸਵਾਰ ਨੂੰ ਬਚਾਉਂਦੇ ਸਮੇਂ ਹੋਇਆ। ਪੀੜਤ ਕਾਰ ਚਾਲਕ ਫਿਲਹਾਲ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਪੁਲਿਸ ਕਾਰ ਰਜਿਸਟ੍ਰੇਸ਼ਨ ਨੰਬਰ ਨਾਲ ਪੀੜਤ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਦਸੇ ਵਿੱਚ ਬਾਈਕ ਵੀ ਹੇਠਾਂ ਡਿੱਗ ਗਈ, ਪੁਲਿਸ ਬਾਈਕ ਸਵਾਰ ਤੋਂ ਪੁੱਛਗਿੱਛ ਕਰ ਰਹੀ ਹੈ। ਹਾਦਸੇ ਕਾਰਨ ਰੇਲ ਆਵਾਜਾਈ ਵੀ ਠੱਪ ਹੋ ਗਈ ਹੈ।
