ਐਸਡੀਆਰਐਫ ਫੰਡਾਂ ਬਾਰੇ ਝੂਠ ਬੋਲਣ ਦੀ ਬਜਾਏ ਕੇਂਦਰ ਤੋਂ ਸੂਬੇ ਦੇ ਬਕਾਇਆ 60,000 ਕਰੋੜ ਰੁਪਏ ਜਾਰੀ ਕਰਵਾਓ- ਨੀਲ ਗਰਗ
ਚੰਡੀਗੜ੍ਹ, 17 ਸਤੰਬਰ 2025, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਪੰਜਾਬ ਭਾਜਪਾ ਵੱਲੋਂ ਐਸਡੀਆਰਐਫ ਫੰਡਾਂ ਬਾਰੇ ਦਿੱਤੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਗਰਗ ਨੇ ਭਾਜਪਾ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣਾ ਬੰਦ ਕਰੇ ਅਤੇ ਲੋਕਾਂ ਨੂੰ ਗੁੰਮਰਾਹ ਨਾ ਕਰੇ।
ਗਰਗ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਭਾਜਪਾ ਆਗੂ ਸਿਰਫ਼ 240 ਕਰੋੜ ਰੁਪਏ ਦੀ ਗੱਲ ਕਰ ਰਹੇ ਹਨ। ਇਕ ਪਾਸੇ ਜਾਖੜ ਸਾਹਿਬ ਆਪਣੇ ਆਪ ਨੂੰ ਪੰਜਾਬ ਦਾ ਮਸੀਹਾ ਅਤੇ ਕਿਸਾਨ ਦਾ ਪੁੱਤ ਕਹਾਉਂਦੇ ਹਨ। ਪਰ ਜਦੋਂ ਹੜ੍ਹਾਂ ਕਾਰਨ ਪੰਜਾਬ ਵਿੱਚ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ, ਲੱਖਾਂ ਪਸ਼ੂ ਮਾਰੇ ਗਏ ਅਤੇ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਅਤੇ ਪ੍ਰਧਾਨ ਮੰਤਰੀ ਨੇ ਪੰਜਾਬ ਆ ਕੇ ਸਿਰਫ਼ 1600 ਕਰੋੜ ਰੁਪਏ ਦੇ ਨਿਗੂਣੇ ਰਾਹਤ ਪੈਕੇਜ ਦਾ ਐਲਾਨ ਕੀਤਾ। ਉਦੋਂ ਜਾਖੜ ਸਾਹਿਬ ਨੇ ਦੱਬੀ ਜ਼ੁਬਾਨ ਵਿੱਚ ਵੀ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ। ਉਸ ਵੇਲੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਕਿਹਾ ਕਿ ਇਹ ਪੈਕੇਜ ਪੰਜਾਬ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ।
ਗਰਗ ਨੇ ਭਾਜਪਾ ਦੇ ਇਸ ਦਾਅਵੇ ਨੂੰ ਵੀ ਝੂਠਾ ਕਰਾਰ ਦਿੱਤਾ ਕਿ ਪੰਜਾਬ ਕੋਲ ਐਸਡੀਆਰਐਫ ਫੰਡ ਵਿੱਚ 12,000 ਕਰੋੜ ਰੁਪਏ ਪਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪਿਛਲੇ 15 ਸਾਲਾਂ ਵਿੱਚ ਕੇਂਦਰ ਵੱਲੋਂ ਪੰਜਾਬ ਨੂੰ ਐਸਡੀਆਰਐਫ ਹੇਠ ਸਿਰਫ਼ 5012 ਕਰੋੜ ਰੁਪਏ ਮਿਲੇ, ਜਿਸ ਵਿੱਚੋਂ 3820 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਕੇਵਲ 1200 ਕਰੋੜ ਰੁਪਏ ਹੀ ਬਾਕੀ ਹਨ।
ਗਰਗ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਣੇ ਕਿਸੇ ਵੀ ਭਾਜਪਾ ਆਗੂ ਦੀ ਹਿੰਮਤ ਨਹੀਂ ਹੋਈ ਕਿ ਉਹ ਇਸ ਚੁਣੌਤੀ ਦਾ ਜਵਾਬ ਦੇ ਸਕਣ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪੰਜਾਬ ਦੇ ਨਾਲ ਖੜ੍ਹੇ ਨਹੀਂ ਹੋ ਸਕਦੇ ਅਤੇ ਕੇਂਦਰ ਤੋਂ ਰਾਹਤ ਪੈਕੇਜ ਨਹੀਂ ਮੰਗ ਸਕਦੇ ਤਾਂ ਘੱਟੋ-ਘੱਟ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ।
ਗਰਗ ਨੇ ਕਿਹਾ ਕਿ ਜੇ ਕੇਂਦਰ ਪੰਜਾਬ ਦਾ ਬਕਾਇਆ 60,000 ਕਰੋੜ ਰੁਪਏ ਹੀ ਜਾਰੀ ਕਰ ਦੇਵੇ ਤਾਂ ਪੰਜਾਬ ਉਸ ਲਈ ਵੀ ਧੰਨਵਾਦੀ ਹੋਵੇਗਾ।