ਚੰਡੀਗੜ੍ਹ, 17 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਿਸ਼ਨ ਚੜ੍ਹਦੀਕਲਾ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਇਆ ਹੜ੍ਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਭਿਆਨਕ ਹੜ੍ਹ ਹੈ। ਉਨ੍ਹਾਂ ਕਿਹਾ ਕਿ ਪਾਣੀ ਨੇ ਸਿਰਫ ਕਹਿਰ ਨਹੀਂ ਢਾਇਆ, ਲੱਖਾਂ ਸੁਪਨੇ ਵੀ ਨਾਲ ਵਹਾਕੇ ਲੈ ਗਿਆ। ਉਨ੍ਹਾਂ ਕਿਹਾ ਕਿ ਕਰੀਬ 2300 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ। ਸਕੂਲ, ਹਸਪਤਾਲ, ਕਾਲਜ ਅਤੇ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਹੋ ਗਏ। ਉਨ੍ਹਾਂ ਕਿਹਾ ਕਿ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵੱਧਣ ਦਾ ਸਮਾਂ ਆ ਗਿਆ ਹੈ। ਕਿਸਾਨਾਂ ਨੇ ਖੇਤੀ ਕਰਨੀ ਹੈ, ਬੱਚਿਆਂ ਨੇ ਸਕੂਲ ਜਾਣਾ, ਘਰਾਂ ਨੇ ਵਸਣਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਮਿਸ਼ਨ ਚੜ੍ਹਦੀਕਲਾ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਪੰਜਾਬ ਦੇ ਨਾਗਰਿਕਾਂ, ਦੇਸ਼ ਦੇ ਨਾਗਰਿਕਾਂ, ਉਦਯੋਗਪਤੀਆਂ, ਕਲਾਕਾਰਾਂ ਅਪੀਲ ਕੀਤੀ ਕਿ ਆਓ ਪੰਜਾਬ ਨਾਲ ਖੜ੍ਹੀਏ, ਮੁੜ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ। ਉਨ੍ਹਾਂ ਕਿਹਾ ਕਿ ਮੈਂ ਬਚਨ ਦਿੰਦਾ ਹਾਂ ਕਿ ਪੂਰੀ ਇਮਾਨਦਾਰ ਤੇ ਪਾਰਦਰਸ਼ਤਾ ਨਾਲ ਪੈਸੇ ਨੂੰ ਖਰਚ ਕੀਤਾ ਜਾਵੇਗਾ।