ਚੰਡੀਗੜ੍ਹ, 19 ਸਤੰਬਰ, ਦੇਸ਼ ਕਲਿਕ ਬਿਊਰੋ :
ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੀ ਟੈਕਨੀਕਲ ਕਮੇਟੀ ਦੀ ਅੱਜ ਹੋਈ ਅਹਿਮ ਮੀਟਿੰਗ ’ਚ ਪੰਜਾਬ ਸਰਕਾਰ ਨੇ ਡੈਮ ਤੋਂ ਵੱਧ ਪਾਣੀ ਛੱਡਣ ਦੇ ਮਾਮਲੇ ’ਤੇ ਸਪੱਸ਼ਟ ਵਿਰੋਧ ਦਰਜ ਕਰਵਾਇਆ।
ਬੋਰਡ ਚਾਹੁੰਦਾ ਸੀ ਕਿ ਭਾਖੜਾ ਡੈਮ ਤੋਂ ਇੱਕ ਵਾਰ ’ਚ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇ, ਪਰ ਪੰਜਾਬ ਸਰਕਾਰ ਨੇ ਇਜਾਜ਼ਤ ਸਿਰਫ਼ 5 ਹਜ਼ਾਰ ਕਿਊਸਿਕ ਵਾਧੂ ਪਾਣੀ ਦੀ ਹੀ ਦਿੱਤੀ। ਲੰਬੀ ਚਰਚਾ ਤੋਂ ਬਾਅਦ ਹੁਣ ਤੈਅ ਹੋਇਆ ਕਿ ਕੁੱਲ 45 ਹਜ਼ਾਰ ਕਿਊਸਿਕ ਪਾਣੀ ਹੀ ਛੱਡਿਆ ਜਾਵੇਗਾ।
ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ। ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਅਗਵਾਈ ਹੇਠ ਹੋਈ ਗੱਲਬਾਤ ਦੌਰਾਨ ਡੈਮ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਧੂ ਪਾਣੀ ਛੱਡਣ ਦਾ ਮੁੱਦਾ ਸਭ ਤੋਂ ਵੱਧ ਚਰਚਾ ਵਿੱਚ ਰਿਹਾ।ਇਸ ਵੇਲੇ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1677 ਫੁੱਟ ਦਰਜ ਕੀਤਾ ਗਿਆ ਹੈ।
