ਐਸ.ਡੀ.ਐਮ. ਅਹਿਮਦਗੜ੍ਹ ਵੱਲੋਂ ਪਟਵਾਰੀ,ਨੰਬਰਦਾਰ ਪਰਾਲੀ ਪ੍ਰਬੰਧਨ ਲਈ ਲਾਮਵੰਦ

Punjab

ਅਹਿਮਦਗੜ੍ਹ, 21 ਸਤੰਬਰ : ਦੇਸ਼ ਕਲਿੱਕ ਬਿਓਰੋ

ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ ਨੇ ਪਿਛਲੇ ਦਿਨੀ ਤਹਿਸੀਲ ਕੰਪਲੈਕਸ ਅਹਿਮਦਗੜ੍ਹ ਵਿਖੇ ਪਟਵਾਰੀਆਂ ਅਤੇ ਨੰਬਰਦਾਰਾਂ ਨਾਲ ਖਾਸ ਬੈਠਕ ਕਰਕੇ ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਮੁਹਿੰਮ ਲਈ ਲਾਮਵੰਦ ਕੀਤਾ।

          ਇਸ ਮੌਕੇ ਉਨ੍ਹਾਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਹਰੇਕ ਪਟਵਾਰੀ ਤੇ ਨੰਬਰਦਾਰ ਆਪਣੇ ਕਾਰਜ ਖੇਤਰ ਵਿੱਚ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕਰਨ। ਉਨ੍ਹਾਂ ਜ਼ੋਰ ਦਿੱਤਾ ਕਿ ਪਰਾਲੀ ਸਾੜਨਾ ਇੱਕ ਸਮਾਜਿਕ ਅਪਰਾਧ ਹੈ ਜੋ ਨਾ ਸਿਰਫ਼ ਵਾਤਾਵਰਣ ਨੂੰ ਪਲੀਤ ਕਰਦਾ ਹੈ, ਸਗੋਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਵੀ ਖ਼ਤਰੇ ਵਿੱਚ ਪਾਂਦਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਰਾਲੀ ਦੇ ਪ੍ਰਬੰਧਨ ਲਈ ਅੱਗੇ ਆਉਣ।

     ਐਸ.ਡੀ.ਐਮ. ਨੇ ਜਾਣਕਾਰੀ ਦਿੱਤੀ ਕਿ ਝੋਨੇ ਦੀ ਕਟਾਈ ਲਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੰਬਾਇਨਾਂ ਦੇ ਇਸਤੇਮਾਲ ਦੀ ਇਜਾਜ਼ਤ ਹੈ। ਇਸ ਸਮੇਂ ਤੋਂ ਇਲਾਵਾ ਕੋਈ ਵੀ ਕੰਬਾਇਨ ਚਲਦੀ ਮਿਲੀ ਤਾਂ ਸੰਬੰਧਤ ਕਿਸਾਨ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਛੁੱਟੀਆਂ ਦੇ ਦਿਨਾਂ ’ਤੇ ਵੀ ਬਿਨਾਂ ਆਗਿਆ ਸਥਾਨ ਨਾ ਛੱਡਣ।

     ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਪੰਚਾਂ, ਕਿਸਾਨ ਯੂਨੀਅਨਾਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਰੈਗੂਲਰ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਵਾਹਣ ਜਾਂ ਗੱਠਾਂ ਵਿੱਚ ਤਬਦੀਲ ਕਰਨ ’ਤੇ ਧਿਆਨ ਦੇਣ, ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।