ਕੋਟਕਪੂਰਾ, 21 ਸਤੰਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੀ ਹਾਜ਼ਰੀ ਵਿੱਚ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਵੱਲੋਂ ਦਸ਼ਮੇਸ਼ ਮਿਸ਼ਨ ਸੀਨੀਅਰ ਸਕੈਂਡਰੀ ਸਕੂਲ, ਹਰੀ ਨੌ ਵਿਖੇ ਵਾਤਾਵਰਣ ਸੰਭਾਲ ਲਈ ਵਿਸ਼ਾਲ ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ 100 ਤੋਂ ਵੱਧ ਫਲਦਾਰ, ਛਾਂਦਾਰ ਅਤੇ ਵਿਰਾਸਤੀ ਕਿਸਮ ਦੇ ਬੂਟੇ ਲਗਾਏ ਗਏ, ਜਿਨ੍ਹਾਂ ਨਾਲ ਨਾ ਸਿਰਫ਼ ਸਕੂਲ ਦਾ ਵਾਤਾਵਰਣ ਹਰਾ-ਭਰਾ ਹੋਵੇਗਾ, ਸਗੋਂ ਪਿੰਡ ਵਾਸੀਆਂ ਲਈ ਵੀ ਸਾਫ਼ ਹਵਾ ਅਤੇ ਸੁੰਦਰ ਮਾਹੌਲ ਉਪਲਬਧ ਹੋਵੇਗਾ।
ਸਪੀਕਰ ਸੰਧਵਾਂ ਨੇ ਖ਼ੁਦ ਰੁੱਖ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੁੱਖ ਲਗਾਉਣਾ ਕੇਵਲ ਇੱਕ ਸਮਾਜਕ ਜ਼ਿੰਮੇਵਾਰੀ ਨਹੀਂ, ਸਗੋਂ ਧਰਤੀ ਮਾਂ ਪ੍ਰਤੀ ਸੱਚੀ ਸੇਵਾ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਘਟਾਉਣ, ਗਲੋਬਲ ਵਾਰਮਿੰਗ ਨੂੰ ਰੋਕਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਿਹਤਮੰਦ ਵਾਤਾਵਰਣ ਦੇਣ ਲਈ ਇਸ ਤਰ੍ਹਾਂ ਦੇ ਯਤਨ ਅਤਿ-ਜ਼ਰੂਰੀ ਹਨ।
ਸ. ਸੰਧਵਾਂ ਨੇ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਹਰ ਪਿੰਡ, ਸ਼ਹਿਰ ਤੇ ਹਰ ਸਮਾਜਕ ਸੰਸਥਾ ਇੰਝ ਹੀ ਅੱਗੇ ਆ ਕੇ ਰੁੱਖ ਲਗਾਉਣ ਦਾ ਕੰਮ ਲਗਨ ਨਾਲ ਕਰੇ ਤਾਂ ਪੰਜਾਬ ਨੂੰ ਹਰੇ-ਭਰੇ ਰਾਜ ਦੇ ਤੌਰ ‘ਤੇ ਦੁਬਾਰਾ ਜਾਣਿਆ ਜਾ ਸਕਦਾ ਹੈ।
ਇਸ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਪਿੰਡ ਹਰੀ ਨੌ ਦੀ ਪੰਚਾਇਤ ਨੇ ਵੀ ਵਾਅਦਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਪੱਧਰ ‘ਤੇ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਜਾਣਗੇ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨਾ ਹਰ ਨਾਗਰਿਕ ਦਾ ਧਰਮ ਹੈ।
ਇਸ ਸਮਾਗਮ ਵਿੱਚ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਸੁਨੀਲ ਕੁਮਾਰ ਬਿੱਟਾ ਗਰੋਵਰ, ਜਸਕਰਨ ਸਿੰਘ ਭੱਟੀ, ਗੁਰਿੰਦਰ ਸਿੰਘ ਮਹਿੰਦਿਰੱਤਾ, ਸੁਰਿੰਦਰ ਸਿੰਘ ਸਦਿਉੜਾ, ਗੁਰਮੀਤ ਸਿੰਘ ਮੀਤਾ, ਉਮ ਪ੍ਰਕਾਸ਼ ਗੁਪਤਾ, ਸੁਖਵਿੰਦਰ ਸਿੰਘ ਬਾਗੀ, ਰਜਿੰਦਰ ਸਿੰਘ ਰਾਜੂ ਸਚਦੇਵਾ, ਵਿਨੋਦ ਕੁਮਾਰ ਧਵਨ, ਪਰਮਜੀਤ ਸਿੰਘ ਮੱਕੜ, ਜਸਪਾਲ ਸਿੰਘ ਲਾਟਾ, ਸਰਨ ਕੁਮਾਰ, ਨਿਰਭੈ ਸਿੰਘ ਸਿੱਧੂ, ਨਵਨੀਤ ਸਿੰਘ ਸੋਨੂੰ ਸਮੇਤ ਹੋਰ ਪ੍ਰਮੁੱਖ ਹਸਤੀਆਂ ਮੌਜੂਦ ਸਨ।
ਇਸੇ ਤਰ੍ਹਾਂ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ, ਡਾਇਰੈਕਟਰ ਅਤੇ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਨਾਲੋਂ ਇਲਾਵਾ ਸਾਰੇ ਸਟਾਫ ਮੈਂਬਰਾਂ ਨੇ ਵੀ ਆਪਣੀ ਹਾਜ਼ਰੀ ਭਰਵਾਈ। ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਵੀ ਉਤਸ਼ਾਹ ਨਾਲ ਰੁੱਖ ਲਗਾਉਣ ਵਿੱਚ ਹਿੱਸਾ ਲਿਆ।