ਮਲੋਟ/ਸ੍ਰੀ ਮੁਕਤਸਰ ਸਾਹਿਬ, 22 ਸਤੰਬਰ, ਦੇਸ਼ ਕਲਿੱਕ ਬਿਓਰੋ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਮਲੋਟ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਅਤੇ ਹਰਿਆਲੀ ਨੂੰ ਵਧਾਉਣ ਲਈ ਅੱਜ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਦੇ ਬਠਿੰਡਾ ਚੌਂਕ ਦੇ ਨੇੜੇ ਮਾਈ ਭਾਗੋ ਪਾਰਕ ਦਾ ਉਦਘਾਟਨ ਕੀਤਾ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿੱਚ ਵਿਕਾਸ ਦੇ ਕੰਮਾਂ ਨੇ ਲਗਾਤਾਰ ਰਫ਼ਤਾਰ ਫੜੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮਲੋਟ ਹਲਕੇ ਦੇ ਬਹੁਤ ਸਾਰੇ ਵਿਕਾਸ ਪ੍ਰੋਜੈਕਟ ਜਿਵੇਂ ਕਿ ਗਰੀਨ ਵੈਲੀ ਰੋਡ, ਰੇਲਵੇ ਅੰਡਰ ਬ੍ਰਿਜ ਅਤੇ ਹੋਰ ਬਕਾਇਆ ਪਏ ਵਿਕਾਸ ਦੇ ਕੰਮਾਂ ਨੂੰ ਮੁਕੰਮਲ ਕਰਵਾਕੇ ਲੋਕਾਂ ਦੇ ਸਪੁਰਦ ਕੀਤੇ ਜਾਣਗੇ।
ਮਾਈ ਭਾਗੋ ਪਾਰਕ ਦਾ ਉਦਘਾਟਨ ਕਰਨ ਮੌਕੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਪਾਰਕ ਨੂੰ ਮਾਤਾ ਭਾਗ ਕੌਰ ਜੀ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਬੁੱਤ ਵੀ ਇਸ ਪਾਰਕ ਵਿੱਚ ਲਗਾਇਆ ਜਾਵੇਗਾ। ਇਸਤੋਂ ਇਲਾਵਾ ਇਸ ਪਾਰਕ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਨਗਰ ਕੌਂਸਲ ਵੱਲੋਂ ਜਿੰਮੇਵਾਰੀ ਨਿਭਾਈ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮਲੋਟ ਹਲਕੇ ਦੇ ਵਾਸੀਆਂ ਨੂੰ ਸਵੱਛਤਾ ਵਾਲਾ ਵਾਤਾਵਰਨ ਪ੍ਰਦਾਨ ਕਰਨ ਦੇ ਮਕਸਦ ਨਾਲ ਹੋਰ ਪਾਰਕਾਂ ਵੀ ਬਣਾਏ ਜਾਣਗੇ ਅਤੇ ਦੇਸ਼ ਦੀ ਮਹਾਨ ਸਖਸ਼ੀਅਤਾਂ ਦੇ ਨਾਂ ’ਤੇ ਪਾਰਕਾਂ ਦੇ ਨਾਮ ਰੱਖੇ ਜਾਣਗੇ।
ਇਸਤੋਂ ਇਲਾਵਾ ਕੈਬਨਿਟ ਮੰਤਰੀ ਵੱਲੋਂ ਹਲਕੇ ਦੇ ਪਿੰਡ ਔਲਖ ਅਤੇ ਮਹਿਰਾਜ ਵਾਲਾ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਨਵੇਂ ਬੱਸ ਅੱਡਿਆਂ ਦੀ ਉਸਾਰੀ ਦੇ ਨੀਂਹ ਪੱਥਰ ਵੀ ਰੱਖੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਕਰਨ ਵਿੱਚ ਵੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਚੱਲ ਰਹੇ ਹੋਰ ਵਿਕਾਸ ਦੇ ਕੰਮਾਂ ਦਾ ਵੀ ਜਾਇਜ਼ਾ ਲਿਆ ਗਿਆ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਹਲਕੇ ਮਲੋਟ ਦੇ ਵੱਖ-ਵੱਖ ਪਿੰਡਾਂ ਵਿੱਚ ਨਵੇਂ ਬੱਸ ਅੱਡੇ ਬਣਾਏ ਜਾ ਰਹੇ ਹਨ। ਇਨ੍ਹਾਂ ਬੱਸ ਅੱਡਿਆਂ ਨੂੰ ਸਟੀਲ ਦੀਆਂ ਪਾਇਪਾਂ ਨਾਲ ਬਣਾਏ ਜਾਵੇਗਾ ਅਤੇ ਇਨ੍ਹਾਂ ਉੱਤੇ ਸੋਲਰ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਬੱਸ ਅੱਡਿਆ ਨੂੰ ਮੁਕੰਮਲ ਕਰਕੇ ਜਲਦੀ ਹੋ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ, ਸੀ.ਡੀ.ਪੀ.ਓ ਮਲੋਟ ਰਾਜਵੰਤ ਕੌਰ, ਕਾਰਜ ਸਾਧਕ ਅਫ਼ਸਰ ਮਲੋਟ ਮੰਗਤ ਰਾਮ, ਬਲਾਕ ਪ੍ਰਧਾਨ ਗੁਰਭਗਤ ਸਿੰਘ, ਗੁਰਮੇਜ ਸਿੰਘ ਪੰਚਾਇਤ ਅਫ਼ਸਰ, ਦਵਿੰਦਰ ਬਾਘਲਾ ਪੰਚਾਇਤ ਸਕੱਤਰ, ਸੰਦੀਪ ਕੁਮਾਰ, ਭੁਪਿੰਦਰ ਕੁਮਾਰ, ਹਰਮੇਲ ਸਿੰਘ ਸੰਧੂ, ਲਾਲੀ ਗਗਨੇਜਾ, ਰਾਜੀਵ ਬੱਬੂ, ਸਿਮਰਜੀਤ ਸਿੰਘ, ਜਸਕਰਨ ਸਿੰਘ ਸਰਪੰਚ ਪਿੰਡ ਮਹਿਰਾਜਵਾਲਾ, ਸੁਖਜੀਤ ਕੌਰ ਸਰਪੰਚ ਪਿੰਡ ਔਲਖ, ਸੁਖਚੈਨ ਸਿੰਘ ਔਲਖ, ਨਿੱਜੀ ਸਹਾਇਕ ਸ਼ਿੰਦਰਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ।