ਕਿਸਾਨਾਂ ਵੱਲੋਂ ਦਿੱਤੇ ਝੋਨੇ ਪਰਾਲੀ ਨਾ ਸਾੜਨ ਦੇ ਭਰੋਸੇ ਨੂੰ ਵਾਤਾਵਰਣ ਸੰਭਾਲ ਵੱਲ ਹਾਂ-ਪੱਖੀ ਕਦਮ ਕਰਾਰ ਦਿੱਤਾ
ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਸੰਭਾਲ ਚ ਹਰ ਸੰਭਵ ਮੱਦਦ ਕਰੇਗਾ
ਬਨੂੜ/ਡੇਰਾਬੱਸੀ, 23 ਸਤੰਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਵੱਲੋਂ ਅੱਜ ਪਿੰਡ ਬਾਸਮਾ (ਮੋਹਾਲੀ) ਅਤੇ ਪਿੰਡ ਚੰਡਿਆਲਾ (ਡੇਰਾਬੱਸੀ) ਵਿੱਚ ਪਰਾਲੀ ਪ੍ਰਬੰਧਨ ਸੰਬੰਧੀ ਸਿਖਲਾਈ ਕੈਂਪਾਂ ਦੌਰਾਨ ਇਲਾਕੇ ਦੇ ਕਿਸਾਨਾਂ ਨਾਲ ਸੰਵਾਦ ਰਚਾਇਆ ਗਿਆ ਅਤੇ ਉਨ੍ਹਾਂ ਨੂੰ ਪਰਾਲੀ ਦਾ ਬਿਨਾਂ ਸਾੜੇ ਪ੍ਰਬੰਧਨ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਸਮਾ ਅਤੇ ਚੰਡਿਆਲਾ ਕਲਾਂ ਦੇ ਕਿਸਾਨਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਪਰਾਲੀ ਨਾ ਸਾੜਨ ਵੱਲ ਜਿਹੜਾ ਹਾਂ-ਪੱਖੀ ਰੁਝਾਨ ਦਿਖਾਇਆ ਹੈ, ਉਹ ਹੋਰਨਾਂ ਪਿੰਡਾਂ ਲਈ ਪ੍ਰੇਰਣਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਰੁਝਾਨ ਕੇਵਲ ਵਾਤਾਵਰਣ ਦੀ ਰੱਖਿਆ ਲਈ ਹੀ ਨਹੀਂ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਵੀ ਸਹਾਇਕ ਬਣੇਗਾ।
ਸ਼੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਨਾਈਟਰੋਜਨ, ਫਾਸਫੋਰਸ, ਪੋਟਾਸ਼ ਆਦਿ ਕੀਮਤੀ ਤੱਤ ਬਰਬਾਦ ਹੋ ਜਾਂਦੇ ਹਨ, ਜਿਨ੍ਹਾਂ ਨੂੰ ਸੰਭਾਲ ਕੇ ਰੱਖਣ ਨਾਲ ਕਿਸਾਨਾਂ ਨੂੰ ਅਗਲੀ ਫਸਲ ਵਿੱਚ ਭਰਪੂਰ ਲਾਭ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਐੱਨ.ਜੀ.ਟੀ ਵੱਲੋਂ ਜਾਰੀ ਸਖ਼ਤ ਹਦਾਇਤਾਂ ਦੀ ਪਾਲਣਾ ਕਰਨੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ, “ਜਿਵੇਂ ਬਾਸਮਾ ਅਤੇ ਚੰਡਿਆਲਾ ਕਲਾਂ ਦੇ ਕਿਸਾਨਾਂ ਨੇ ਪਰਾਲੀ ਸਾੜਨ ਤੋਂ ਕਿਨਾਰਾ ਕਰਦੇ ਹੋਏ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵਰਤੋਂ ਸ਼ੁਰੂ ਕੀਤੀ ਹੈ, ਉਸੇ ਤਰ੍ਹਾਂ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਹ ਸਿਰਫ਼ ਕਾਨੂੰਨ ਦੀ ਪਾਲਣਾ ਨਹੀਂ, ਸਗੋਂ ਭਵਿੱਖੀ ਪੀੜ੍ਹੀਆਂ ਲਈ ਸਾਫ ਹਵਾ ਅਤੇ ਉਪਜਾਊ ਧਰਤੀ ਦਾ ਵੱਡਾ ਯੋਗਦਾਨ ਹੈ।”
ਇਸ ਮੌਕੇ ਡਾ. ਗੁਰਦਿਆਲ ਕੁਮਾਰ, ਏ.ਡੀ.ਓ ਨੇ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਅਤੇ ਪਿੰਡਾਂ ਵਿੱਚ ਮੁਹੱਈਆਂ ਮਸ਼ੀਨਾਂ ਦੀਆਂ ਲਿਸਟਾਂ ਕਿਸਾਨਾਂ ਨੂੰ ਦਿੱਤੀਆਂ। ਡਾ. ਸੁੱਚਾ ਸਿੰਘ ਅਤੇ ਡਾ. ਗੁਰਜੀਤ ਸਿੰਘ ਨੇ ਹਾੜੀ ਦੀਆਂ ਫਸਲਾਂ ਦੀ ਵਿਉਂਤਬੰਧੀ, ਨਵੀਆਂ ਕਿਸਮਾਂ ਅਤੇ ਇਹਨਾਂ ਦੇ ਉਪਲੱਬਧ ਬੀਜਾਂ ਤੋਂ ਜਾਣੂ ਕਰਵਾਇਆ। ਡਾ. ਕੋਮਲਪ੍ਰੀਤ ਸਿੰਘ, ਬਾਗਬਾਨੀ ਅਫਸਰ ਨੇ ਵਿਭਾਗ ਦੀਆਂ ਸਕੀਮਾਂ ਅਤੇ ਉਨ੍ਹਾਂ ਪਾਸ ਮੌਜੂਦ ਸਬਜ਼ੀ ਦੀਆਂ ਕਿੱਟਾਂ ਕਿਸਾਨਾਂ ਨੂੰ ਦਿੱਤੀਆਂ। ਰੁਪਿੰਦਰ ਕੌਰ, ਏ.ਐੱਸ.ਆਈ ਵੱਲੋਂ ਸਰੋਂ ਅਤੇ ਬਰਸੀਮ ਦੀ ਜਾਣਕਾਰੀ ਸਾਂਝੀ ਕੀਤੀ ਗਈ।
ਏ.ਡੀ.ਓ ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਰਾਲੀ ਦੀ ਖੇਤਾਂ ਵਿੱਚ ਸੰਭਾਲ ਕਰਕੇ ਪ੍ਰਤੀ ਏਕੜ ਵਿੱਚ 2.5 ਤੋਂ 3 ਟਨ ਪਰਾਲ਼ੀ ਵਿੱਚ ਮੌਜੂਦ 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿੱਲੋ ਪੋਟਾਸ਼, 1.2 ਕਿੱਲੋ ਸਲਫਰ ਅਤੇ 50-70% ਛੋਟੇ ਤੱਤ ਪ੍ਰਤੀ ਟਨ ਕੁਦਰਤੀ ਪ੍ਰਾਪਤ ਕੀਤੇ ਜਾ ਸਕਦੇ ਹਨ ਜੋ ਅੱਗ ਲੱਗਣ ਤੇ ਨਸ਼ਟ ਹੋ ਜਾਂਦੇ ਹਨ।
ਕੈਂਪ ਦੌਰਾਨ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੇ ਤਰੀਕਿਆਂ ਅਤੇ ਮਸ਼ੀਨਰੀ ਦੀ ਉਪਲਬਧਤਾ ਬਾਰੇ ਜਾਣਕਾਰੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਡੇਰਾਬੱਸੀ ਦੇ ਪਿੰਡ ਸ਼ੇਖਪੁਰ ਕਲਾਂ ਅਤੇ ਕਾਰਕੌਰ ਵਿਖੇ ਬੇਲਰ ਮਸ਼ੀਨਾਂ ਰਾਹੀਂ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਦੀ ਪ੍ਰਕਿਰਿਆ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀਆਂ ਮੰਗਾਂ ਸੁਣਦਿਆਂ ਸਬੰਧਤ ਵਿਭਾਗਾਂ ਨੂੰ ਜਲਦ ਨਿਪਟਾਰੇ ਦੇ ਨਿਰਦੇਸ਼ ਦਿੱਤੇ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਹਰ ਵੇਲੇ ਕਿਸਾਨਾਂ ਦੀ ਸਹਾਇਤਾ ਲਈ ਤਤਪਰ ਹਨ।
ਬਾਸਮਾ ਅਤੇ ਚੰਡਿਆਲਾ ਕਲਾਂ ਦੇ ਕਿਸਾਨਾਂ ਅਤੇ ਸਰਪੰਚ ਗੁਰਦੀਪ ਸਿੰਘ ਨੇ ਡੀ ਸੀ ਨੂੰ ਖੁਦ ਭਰੋਸਾ ਦਿੱਤਾ ਕਿ ਉਹ ਝੋਨੇ ਦੀ ਪਰਾਲੀ ਨੂੰ ਨਹੀਂ ਸਾੜਣਗੇ, ਅਤੇ ਹੋਰਨਾਂ ਪਿੰਡਾਂ ਲਈ ਮਿਸਾਲ ਬਣਨਗੇ। ਇਸ ਮੌਕੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਵਜੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ, ਐਸ.ਡੀ.ਐਮ. ਡੇਰਾਬੱਸੀ ਅਮਿਤ ਗੁਪਤਾ, ਡੀ.ਐੱਸ.ਪੀ. ਮਨਪ੍ਰੀਤ ਸਿੰਘ, ਨਾਇਬ ਤਹਿਸੀਲਦਾਰ, ਬਨੂੜ ਅੰਮ੍ਰਿਤਾ ਅਗਰਵਾਲ, ਬਲਾਕ ਖੇਤੀਬਾੜੀ ਅਫਸਰ ਸ਼ੁਭਕਰਨ ਸਿੰਘ ਅਤੇ ਸੁਖਜਿੰਦਰ ਸਿੰਘ ਬਾਜਵਾ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ
ਮੌਜੂਦ ਸਨ।