17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ਭਰ ‘ਚ ਸਵੱਛਤਾ ਹੀ ਸੇਵਾ ਤਹਿਤ ਪ੍ਰੋਗਰਾਮਾਂ ਦਾ ਆਯੋਜਨ
ਅੰਮ੍ਰਿਤਸਰ, 25 ਸਤੰਬਰ: ਦੇਸ਼ ਕਲਿੱਕ ਬਿਓਰੋ
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਵੱਲੋਂ ਵੀਰਵਾਰ ਨੂੰ ‘ਸਵੱਛਤਾ ਹੀ ਸੇਵਾ’ ਅਭਿਆਨ ਤਹਿਤ ਸ਼੍ਰਮਦਾਨ ਦਾ ਆਯੋਜਨ ਕੀਤਾ ਗਿਆ। ਦੇਸ਼ ਭਰ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ ਦੀ ਲੜੀ ਵਿੱਚ ਅੰਮ੍ਰਿਤਸਰ ਦੇ ਵ੍ਹਾਈਟ ਅਵੈਨਿਊ ਵਿੱਚ ਸਵੱਛਤਾ ਮੁਹਿੰਮ ਵਿੱਢੀ ਗਈ, ਜਿਸ ਵਿੱਚ ਵੱਡੇ ਪੱਧਰ ਤੇ ਆਮ ਲੋਕਾਂ ਸਣੇ ਸਫ਼ਾਈ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਆਮ ਲੋਕਾਂ ਦੇ ਕਲਿਆਣ ਲਈ ਸਵੱਛ ਭਾਰਤ ਸਣੇ ਵੱਖੋ ਵੱਖ ਯੋਜਨਾਵਾਂ ਚਲਾਈਆਂ ਗਈਆਂ ਹਨ, ਪਰ ਉਨ੍ਹਾਂ ਨੂੰ ਸਫਲ ਬਣਾਉਣ ਲਈ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਅਤੇ ਇਸੇ ਲੜੀ ਤਹਿਤ ਉਨ੍ਹਾਂ ਇਲਾਕਾਵਾਸੀਆਂ ਨੂੰ ਸਵੱਛਤਾ ਮੁਹਿੰਮ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਪੀਐਮ ਨਰੇਂਦਰ ਮੋਦੀ ਦੀ ਰਹਿਨੁਮਾਈ ਹੇਠ ਸਵੱਛ ਭਾਰਤ ਅਭਿਆਨ, ਫਿੱਟ ਇੰਡੀਆ ਸਣੇ ਵੱਖੋ ਵੱਖ ਯੋਜਨਾਵਾਂ ਨੂੰ ਹੇਠਲੇ ਪੱਧਰ ਤੱਕ ਸਫਲ ਬਣਾਉਣ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ।
ਦੱਸ ਦਈਏ ਕਿ ਦੇਸ਼ ਭਰ ਵਿੱਚ ਸਵੱਛਤਾ ਹੀ ਸੇਵਾ ਅਭਿਆਨ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਵੱਡੇ ਪੱਧਰ ‘ਤੇ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ ਅਹਿਦ ਦੀ ਸ਼ਲਾਘਾ ਕਰਦਿਆਂ ਇਲਾਕਾਵਾਸੀਆਂ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਦੇ ਜ਼ਰੀਏ ਆਮ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਉਣਾ ਇੱਕ ਚੰਗਾ ਉਪਰਾਲਾ ਹੈ। ਬਹਿਰਹਾਲ ਇਸ ਦੌਰਾਨ ਮੰਤਰਾਲੇ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਸਣੇ ਸਮਾਜ ਸੇਵੀਆਂ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਸਫਲ ਬਣਾਉਣ ਦੀ ਅਪੀਲ ਕੀਤੀ ਗਈ।