ਪਟਿਆਲਾ, 27 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਨਰਸਿੰਗ ਕੇਡਰ ਦੀ ਸੂਬਾ ਪੱਧਰੀ ਜਥੇਬੰਦੀ ਯੂਨਾਇਟਿਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਦੀ ਹੜਤਾਲ ਤੀਜੇ ਦਿਨ ਵੀ ਪੂਰੇ ਤਿੱਖੇ ਸੰਘਰਸ਼ ਦੇ ਰੂਪ ਵਿੱਚ ਜਾਰੀ ਰਹੀ।
ਇਸ ਹੜਤਾਲ ਵਿੱਚ ਪੰਜਾਬ ਦੇ ਤਿੰਨੋਂ ਮੈਡੀਕਲ ਕਾਲਜ ਅੰਮ੍ਰਿਤਸਰ , ਪਟਿਆਲਾ ਅਤੇ ਮੋਹਾਲੀ ਤੋਂ ਨਰਸਿੰਗ ਯੂਨੀਅਨ ਦੇ ਮੈਂਬਰਾਂ ਨੇਂ ਹਿੱਸਾ ਲਿਆ ।
ਗੌਰਤਲਬ ਹੈ ਕਿ ਪੰਜਾਬ ਸੂਬੇ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਮਿਤੀ 26/09/2025 ਤੋਂ ਹੱਸਪਤਾਲਾਂ ਦੇ ਸਮੂਹ ਵਿਭਾਗਾਂ ਵਿੱਚ ਨਰਸਿੰਗ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ । ਯੂਨੀਅਨ ਦੇ ਇਸ ਹੜਤਾਲ ਸਬੰਧੀ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਤੁਰੰਤ ਹਰਕਤ ਵਿੱਚ ਆਈ ਅਤੇ ਮਿਤੀ 26/09/2025 ਨੂੰ ਯੂਨੀਅਨ ਦੀ ਪ੍ਰਧਾਨ ਸ਼੍ਰੀਮਤੀ ਆਰਤੀ ਬਾਲੀ ਜੀ ਨੇ ਮੀਡੀਆਂ ਨੂੰ ਦੱਸਿਆਂ ਕਿ ਸਾਡੀ ਜਥੇਬੰਦੀ ਸੂਬਾ ਸਰਕਾਰ ਵੱਲੋਂ ਸਾਡੇ ਨਰਸਿੰਗ ਕੇਡਰ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਪਿਛਲੇ ਲੱਗਭੱਗ ਛੇ ਸਾਲਾਂ ਤੋਂ ਸੰਘਰਸ਼ ਕਰਦੀ ਆ ਰਹੀ ਹੈ । ਉਹਨਾਂ ਦੱਸਿਆ ਕਿ ਸਾਡੀ ਮੁੱਖ ਮੰਗ ਵਿੱਚ ਨਰਸਿੰਗ ਕੇਡਰ ਤੇ ਬਣਦਾ 4600 ਗਰੇਡ ਪੇਅ ਬਹਾਲ ਕਰਵਾਉਣਾਂ ਹੈ । ਉਹਨਾਂ ਦੱਸਿਆ ਕਿ ਸਾਡੀ ਜਥੇਬੰਦੀ ਪਿਛਲੇ ਛੇ ਸਾਲਾਂ ਤੋਂ ਸਰਕਾਰ ਨਾਲ ਹਰ ਤਰਾਂ ਨਾਲ ਇਸ ਸਬੰਧੀ ਕਈ ਮੀਟੀੰਗਾਂ ਅਤੇ ਪਤਰ ਵਿਹਾਰ ਕਰ ਚੁੱਕੀ ਹੈ ਪਰ ਸਰਕਾਰ ਵੱਲੋਂ ਅੱਜ ਤੱਕ ਕੋਈ ਵੀ ਯੋਗ ਹੱਲ ਨਹੀਂ ਕੱਢਿਆ ਗਿਆ ।
ਆਖਰ ਪੰਜਾਬ ਸਰਕਾਰ ਦੇ ਇਸ ਰੁੱਖੇ ਰਵੱਈਏ ਤੋਂ ਤੰਗ ਆ ਕੇ ਯੂਨਾਇਟਿਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਅਤੇ ਨਰਸਿੰਗ ਕੇਡਰ ਦੀਆਂ ਸਮੂਹ ਜਿਲ੍ਹਾ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ।
ਅੱਜ ਦੀ ਪ੍ਰਮੁੱਖ ਸਕੱਤਰ ਅਤੇ ਵਿੱਤ ਵਿਭਾਗ ਦੇ ਅਫਸਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਉਹਨਾਂ ਦੱਸਿਆ ਕਿ ਪ੍ਰਮੁੱਖ ਸਕੱਤਰ ਜੀ ਵੱਲੋਂ ਗਰੇਡ ਪੇਅ ਦੇ ਹੱਲ ਲਈ ਯੂਨੀਅਨ ਕੋਲੋਂ ਦੋ ਦਿਨ ਦਾ ਟਾਇਮ ਮੰਗਿਆ ਗਿਆ ਹੈ । ਉਹਨਾਂ ਯੂਨੀਅਨ ਨੂੰ ਹੱੜਤਾਲ ਖੱਤਮ ਕਰਕੇ ਕੰਮਾਂ ਤੇ ਪਰਤਣ ਦੀ ਅਪੀਲ ਕੀਤੀ । ਪਰ ਯੂਨੀਅਨ ਵੱਲੋਂ ਉਹਨਾਂ ਦੀ ਇਸ ਅਪੀਲ ਤੇ ਸਾਫ ਕਹਿ ਦਿੱਤਾ ਗਿਆ ਕਿ ਨਰਸਿੰਗ ਕੇਡਰ ਸਰਕਾਰ ਵੱਲੋਂ ਲਗਾਤਾਰ ਲਗਾਏ ਜਾ ਰਹੇ ਲਾਰੇ ਲੱਪਿਆਂ ਤੋਂ ਅੱਕ ਚੁੱਕਾ ਹੈ ਅਤੇ ਹੁਣ ਉਹ 4600 ਗਰੇਡ ਪੇਅ ਦਾ ਨੋਟੀਫਿਕੇਸ਼ਨ ਪ੍ਰਾਪਤ ਕੀਤੇ ਬਿਨਾਂ ਹੜਤਾਲ ਖਤਮ ਨਹੀਂ ਕਰਨਗੇ । ਉਹਨਾਂ ਦੱਸਿਆ ਕਿ ਪ੍ਰਮੁੱਖ ਸਕੱਤਰ ਜੀ ਦੀ ਅਪੀਲ ਤੇ ਅਸੀਂ ਏਨੀ ਸਹਿਮਤੀ ਜਿਤਾ ਸਕਦੇ ਹਾਂ ਕਿ ਅੱਜ ਮਿਤੀ 26/09/2025 ਤੋਂ ਅਗਲੇ ਦੋ ਦਿਨਾਂ ਤੱਕ ਉਹ ਸਾਰੇ ਮੈਡੀਕਲ ਕਾਲਜਾਂ ਦੀਆਂ ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਰੱਖਣਗੇ । ਜੇਰਕ ਦੋ ਦਿਨ ਬਾਅਦ ਵੀ ਸਰਕਾਰ ਸਾਡੀਆਂ ਮੰਗਾਂ ਦੇ ਹੱਲ ਲਈ ਕਿਸੇ ਯੋਗ ਹੱਲ ਤੇ ਨਾਂ ਪਹੁੰਚੀ ਤਾਂ ਦੋ ਦਿਨ ਬਾਅਦ ਤਿੰਨਾਂ ਮੈਡੀਕਲ ਕਾਲਜਾਂ ਅੰਮ੍ਰਿਤਸਰ , ਪਟਿਆਲਾ ਅਤੇ ਮੋਹਾਲੀ ਵਿਖੇ ਐਮਰਜੈਂਸੀ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਜਾਏਗਾ ।
ਉਹਨਾਂ ਦੱਸਿਆਂ ਕਿ ਇਸ ਸਬੰਧੀ ਉਹਨਾਂ ਦੀ ਸੂਬਾ ਪੱਧਰੀ ਅਤੇ ਲੋਕਲ ਨਰਸਿੰਗ ਜਥੇਬੰਦੀਆਂ ਵੱਲੋਂ ਤਿੰਨਾਂ ਮੈਡੀਕਲ ਕਾਲਜਾਂ ਦੇ ਮੁੱਖੀਆਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਹੈ ।
ਇਸ ਮੌਕੇ ਸੂਬਾ ਪੱਧਈ ਜਥੇਬੰਦੀ ਦੇ ਲੀਡਰਾਂ ਤੋਂ ਇਲਾਵਾ ਤਿੰਨਾਂ ਮੈਡੀਕਲ ਕਾਲਜਾਂ ਦੀਆਂ ਜਿਲ੍ਹਾ ਪੱਧਰੀ ਜਥੇਬੰਦੀਆਂ ਦੇ ਨੁਮਾਂਇੰਦੇ ਵੀ ਹਾਜਰ ਰਹੇ । ਇਸ ਤੋਂ ਇਲਾਵਾ ਸਟਾਫ ਅੰਕੁਰ ਮਲੇਠੀਆ ਜੋ ਕਿ ਚੋਥੀ ਮੰਜ਼ਿਲ ਤੇ ਚੜਿਆ ਹੋਇਆ ਹੈ ਉਸ ਨੇ ਖਾਣਾ ਬੰਦ ਕਰ ਦਿੱਤਾ ਹੈ ਅਤੇ ਸਿਰਫ਼ ਪਾਣੀ ਅਤੇ ਤਰਲ ਪਦਾਰਥ ਹੀ ਲੈ ਰਿਹਾ ਹੈ ਜੇਕਰ ਉਸ ਦੀ ਸਿਹਤ ਦਾ ਕੋਈ ਨੁਕਸਾਨ ਹੁੰਦਾ ਹੈ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।। ਇਸ ਤੋਂ ਇਲਾਵਾ ਅੱਜ ਰਜਿੰਦਰਾ ਹਸਪਤਾਲ ਵਿਖੇ ਚੱਲ ਰਹੇ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ,ਦਲਿਤ ਪ੍ਰਧਾਨ ਜਗਿੰਦਰ ਸਿੰਘ ਪੰਛੀ ਸ਼੍ਰੋਮਣੀ ਅਕਾਲੀ ਦਲ ਪਟਿਆਲਾ , ਕਰੁਨ ਕੌੜਾ ਮੈਂਬਰ ਭਾਰਤੀ ਜਨਤਾ ਪਾਰਟੀ, ਵਿਕਰਮ ਦੇਵ ਪ੍ਰਧਾਨ ਡੀ ਟੀ ਐਫ ਵੀ ਆਪਣੇ ਸਾਥੀਆਂ ਨਾਲ ਸਮੂਹ ਨਰਸਿੰਗ ਸਟਾਫ ਦਾ ਸਮਰਥਨ ਕਰਨ ਲਈ ਪਹੁੰਚੇ ।