ਸੁਖਬੀਰ ਬਾਦਲ ਦੀ ਐਸਐਸਪੀ ਨੂੰ ਧਮਕੀ ਬੌਖਲਾਹਟ ਦਾ ਪ੍ਰਗਟਾਵਾ: ਧਾਲੀਵਾਲ
ਕੁਲਦੀਪ ਧਾਲੀਵਾਲ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੇਤਾਵਨੀ- ਅਧਿਕਾਰੀਆਂ ਨੂੰ ਡਰਾਉਣ ਦੀ ਬਜਾਏ ਲੋਕਤੰਤਰੀ ਫਤਵੇ ਦਾ ਸਤਿਕਾਰ ਕਰੋ
ਚੰਡੀਗੜ੍ਹ, 27 ਸਤੰਬਰ 2025, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਨੂੰ ਜਨਤਕ ਤੌਰ ‘ਤੇ ਧਮਕੀ ਦੇਣ ਲਈ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਅਜੇ ਵੀ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਉਨ੍ਹਾਂ ਦੀ ਸਰਕਾਰ ਚਲੀ ਗਈ ਹੈ ਜੋ ਕਦੇ ਵੀ ਵਾਪਸ ਨਹੀਂ ਆਵੇਗੀ।
ਸ਼ਨੀਵਾਰ ਨੂੰ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਅਜਨਾਲਾ ਦੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਧਮਕੀ ਦੇ ਕੇ ਸੁਖਬੀਰ ਬਾਦਲ ਆਪਣੀ ਨਿਰਾਸ਼ਾ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਨੂੰ ਸ਼ਾਇਦ ਯਾਦ ਨਹੀਂ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੱਤਾ ਦੀ ਦੁਰਵਰਤੋਂ ਕਿਵੇਂ ਕੀਤੀ ਗਈ ਸੀ ਅਤੇ ਪੰਜਾਬ ਦੇ ਸਰੋਤਾਂ ਨੂੰ ਕਿਵੇਂ ਲੁੱਟਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਸੱਤਾ ਵਿੱਚ ਰਹਿੰਦਿਆਂ ਸੁਖਬੀਰ ਬਾਦਲ ਨੇ ਰੇਤ ਮਾਫੀਆ, ਭੂ-ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਕੇਬਲ ਮਾਫੀਆ ਸਮੇਤ ਕਈ ਮਾਫੀਆ ਚਲਾਏ, ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜਿੰਨੇ ਝੂਠੇ ਪਰਚੇ ਦਰਜ ਕੀਤੇ ਗਏ ਸਨ, ਇਤਿਹਾਸ ਵਿੱਚ ਕਿਸੇ ਵੀ ਸਰਕਾਰ ਵੇਲੇ ਇੰਨੇ ਪਰਚੇ ਦਰਜ ਨਹੀਂ ਹੋਏ। ਆਪ ਆਗੂ ਨੇ ਹਾਸਾ ਜ਼ਾਹਿਰ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਲੋਕਾਂ ਨੇ 2022 ਵਿੱਚ ਉਨ੍ਹਾਂ ਦਾ ਕੰਮ ਨਿਬੇੜ ਦਿੱਤਾ ਹੈ। ਹੁਣ ਉਹ ਮੁੜ ਸੱਤਾ ਵਿੱਚ ਆਉਣ ਦੇ ਸੁਪਨੇ ਲੈਣਾ ਛੱਡ ਦੇਣ।
ਉਨ੍ਹਾਂ ਕਿਹਾ ਕਿ ਪੰਜਾਬੀ ਇਹ ਨਹੀਂ ਭੁੱਲੇ ਹਨ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਦੌਰਾਨ ਮੋਗਾ ਵਿੱਚ ਇੱਕ ਧੀ ਨੂੰ ਬੱਸ ਤੋਂ ਸੁੱਟ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਅੰਮ੍ਰਿਤਸਰ ਵਿੱਚ ਇੱਕ ਧੀ ਦੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਪੁਲਿਸ ਮੁਲਾਜ਼ਮ ਨੂੰ ਉਨ੍ਹਾਂ ਦੇ ਗੁੰਡਿਆਂ ਨੇ ਮਾਰ ਦਿੱਤਾ ਸੀ।
ਧਾਲੀਵਾਲ ਨੇ ਸੁਖਬੀਰ ਬਾਦਲ ਤੋਂ ਸਵਾਲ ਕਰਦਿਆਂ ਪੁਛਿਆ ਕਿ ਜਦੋਂ ਸਰਕਾਰ ਤੁਹਾਡੀ ਹੁੰਦੀ ਹੈ, ਉਦੋਂ ਪੁਲਿਸ ਅਧਿਕਾਰੀ ਬਹੁਤ ਚੰਗੇ ਲੱਗਦੇ ਹਨ, ਪਰ ਜਦੋਂ ਕੋਈ ਹੋਰ ਸਰਕਾਰ ਆ ਜਾਂਦੀ ਹੈ, ਤਾਂ ਉਹੀ ਅਫ਼ਸਰ ਤੁਹਾਨੂੰ ਮਾੜੇ ਕਿਉਂ ਲਗਦੇ ਹਨ? ਫਿਰ ਤੁਸੀਂ ਇੱਕ ਡਾਇਰੀ ਚੁੱਕ ਕੇ ਤੁਰ ਪੈਂਦੇ ਹੋ ਅਤੇ ਅਫ਼ਸਰਾਂ ਨੂੰ ਦਬਕੇ ਮਾਰਦੇ ਹੋ। ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਹੁਣ ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ ਅਤੇ ਤੁਹਾਡੇ ਦਬਕਿਆਂ ਦਾ ਕੋਈ ਅਸਰ ਨਹੀਂ ਹੋਣ ਵਾਲਾ।
ਵਿਧਾਇਕ ਧਾਲੀਵਾਲ ਨੇ ਸੁਖਬੀਰ ਬਾਦਲ ਦੀ ਮੁੱਖ ਮੰਤਰੀ ਬਣਨ ਦੀ ਇੱਛਾ ‘ਤੇ ਟਿੱਪਣੀ ਕਰਦਿਆਂ ਯਾਦ ਦਿਵਾਇਆ ਕਿ ਜਦੋਂ ਤੁਹਾਡੇ ਪਿਤਾ ਜੀ, ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਰਹਿੰਦਿਆਂ ਕਈ ਅਕਾਲੀ ਲੀਡਰਾਂ ਵਲੋਂ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਦੀ ਸਲਾਹ ਨਹੀਂ ਮੰਨੀ ਤਾਂ ਪੰਜਾਬ ਦੇ ਲੋਕ ਇਹ ਗਲਤੀ ਕਿਵੇਂ ਕਰ ਸਕਦੇ ਹਨ। ਤੁਹਾਡੇ ਪਿਤਾ ਜੀ ਜਾਣਦੇ ਸੀ ਕਿ ਤੁਸੀਂ ਇਸਦੇ ਯੋਗ ਨਹੀਂ।
ਕੁਲਦੀਪ ਧਾਲੀਵਾਲ ਨੇ ਸੁਖਬੀਰ ਬਾਦਲ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਧਮਕੀਆਂ ਨਾਲ ਅਧਿਕਾਰੀਆਂ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰਨ ਅਤੇ ਲੋਕਤੰਤਰੀ ਫਤਵੇ ਦਾ ਸਤਿਕਾਰ ਕਰਨ। ਪੰਜਾਬ ਦੇ ਲੋਕਾਂ ਨੇ ਇੱਕ ਇਮਾਨਦਾਰ ਸਰਕਾਰ ਚੁਣੀ ਹੈ ਅਤੇ ਹੁਣ ਇਥੇ ਗੁੰਡਾਗਰਦੀ ਅਤੇ ਮਾਫੀਆ ਰਾਜ ਲਈ ਕੋਈ ਥਾਂ ਨਹੀਂ ਹੈ।