ਮੋਹਾਲੀ, 27 ਸਤੰਬਰ, ਦੇਸ਼ ਕਲਿਕ ਬਿਊਰੋ :
ਪੰਜਾਬੀ ਮੂਲ ਦੀ ਇੱਕ ਬਜ਼ੁਰਗ ਔਰਤ ਹਰਜੀਤ ਕੌਰ (73) ਜਿਸਨੂੰ 32 ਸਾਲ ਅਮਰੀਕਾ ਵਿੱਚ ਰਹਿਣ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਨੇ ਹੁਣ ਆਪਣੀ ਆਪ ਬੀਤੀ ਸੁਣਾਈ ਹੈ। ਉਸਨੇ ਕਿਹਾ ਕਿ ਉਸਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਨਾਲ ਇੱਕ ਅਪਰਾਧੀ ਵਰਗਾ ਵਿਵਹਾਰ ਕੀਤਾ ਗਿਆ।
ਉਸਨੇ ਕਿਹਾ ਕਿ ਪੁਲਿਸ ਨੇ ਉਸਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਆਪਣੀ ਹਾਜ਼ਰੀ ਲਗਵਾ ਰਹੀ ਸੀ। ਇਸ ਤੋਂ ਤੁਰੰਤ ਬਾਅਦ, ਉਸਨੂੰ ਇੱਕ ਠੰਡੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਜਦੋਂ ਉਸਨੇ ਆਪਣੇ ਆਪ ਨੂੰ ਢੱਕਣ ਲਈ ਕੁਝ ਮੰਗਿਆ, ਤਾਂ ਉਸਨੂੰ ਐਲੂਮੀਨੀਅਮ ਫੁਆਇਲ ਦਾ ਇੱਕ ਟੁਕੜਾ ਦਿੱਤਾ ਗਿਆ।
ਬਜ਼ੁਰਗ ਮਾਤਾ ਕਹਿੰਦੀ ਹੈ ਕਿ ਉਸਨੂੰ ਨਜ਼ਰਬੰਦੀ ਸੈੱਲ ਵਿੱਚ ਸੌਣ ਲਈ ਇੱਕ ਫੱਟਾ ਦਿੱਤਾ ਗਿਆ ਸੀ। ਉਸਨੂੰ ਖਾਣ ਲਈ ਠੰਡੀ ਰੋਟੀ ਅਤੇ ਬੀਫ ਦਿੱਤਾ ਗਿਆ ਸੀ, ਜਿਸਨੂੰ ਉਸਨੇ ਖਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਚਿਪਸ ਅਤੇ ਬਿਸਕੁਟ ‘ਤੇ 10 ਦਿਨ ਗੁਜ਼ਾਰੇ।
ਅਮਰੀਕਾ ਨੇ ਹਰਜੀਤ ਕੌਰ ਨੂੰ 24 ਸਤੰਬਰ ਨੂੰ ਪੰਜਾਬ ਭੇਜ ਦਿੱਤਾ ਸੀ। ਉਹ ਹੁਣ ਮੋਹਾਲੀ ਵਿੱਚ ਆਪਣੀ ਭੈਣ ਦੇ ਘਰ ਰਹਿ ਰਹੀ ਹੈ।
