ਸੰਗਰੂਰ, 28 ਸਤੰਬਰ, ਦੇਸ਼ ਕਲਿੱਕ ਬਿਓਰੋ :
ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਆਏ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜਦੋਂ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਵੱਲ ਅੱਗੇ ਵੱਧਣ ਲੱਗੇ ਤਾਂ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ। ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਬੈਨਰ ਹੇਠ ਅਧਿਆਪਕ ਮੰਗ ਕਰ ਰਹੇ ਸਨ ਕਿ ਮਰੀਟੋਰੀਅਸ ਸਕੂਲਾਂ ਦੇ ਟੀਚਰਜ਼ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਤੇ ਪਿਛਲੇ ਲੰਮੇ ਸਮੇਂ ਦੇ ਰੁਕੇ ਬਕਾਏ ਤੇ ਤਨਖ਼ਾਹ ਵਾਧਿਆਂ ਲਈ ਨਿਰੰਤਰ ਸੰਘਰਸ਼ ਦੇ ਰਾਹ ਪਏ ਹੋਏ ਹਨ।
ਅੱਜ ਅਧਿਆਪਕ ਰੋਸ ਪ੍ਰਦਰਸ਼ਨ ਕਰਨ ਲਈ ਪੁੱਜੇ ਸਨ। ਮੈਰੀਟੋਰੀਅਸ ਟੀਚਰਜ਼ ਅੱਜ ਵੇਰਕਾ ਮਿਲਕ ਪਲਾਂਟ ਇਕੱਠੇ ਅਤੇ ਕਾਫਲੇ ਵਿਚ ਮੁੱਖ ਮੰਤਰੀ ਦੀ ਕੋਠੀ ਵੱਲ ਜਾਣ ਲੱਗੇ ਤਾਂ ਰਸਤੇ ਵਿੱਚ ਪੁਲਿਸ ਨੇ ਬੇਰੀਕੇਡ ਲਗਾ ਕੇ ਰੋਕ ਲਿਆ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਪੈੱਨਲ ਮੀਟਿੰਗਾਂ ਵਿੱਚ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ , ਇਸ ਫ਼ੈਸਲੇ ਨੂੰ ਲਾਗੂ ਕਰਨ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ , ਨਾ ਸਮੇਂ ਤੇ ਕੋਈ ਮੀਟਿੰਗ ਨਾ ਮੀਟਿੰਗਾਂ ਵਿੱਚ ਕੋਈ ਹੱਲ ਨਿੱਕਲ ਰਿਹਾ, ਜੇਕਰ ਸਰਕਾਰ ਨੇ ਇਸ ਤਰ੍ਹਾਂ ਹੀ ਵਤੀਰਾ ਧਾਰਨ ਕਰੀ ਰੱਖਿਆ ਤਾਂ ਤਿੱਖੇ ਐਕਸ਼ਨਾਂ ਲਈ ਜਥੇਬੰਦੀ ਨੂੰ ਹੁਣ ਮਜ਼ਬੂਰ ਹੋਣਾ ਪਵੇਗਾ। ਸੀਨੀਅਰ ਮੀਤ ਪ੍ਰਧਾਨ ਵਿਪਨੀਤ ਕੌਰ ਨੇ ਕਿਹਾ ਕਿ ਸਿੱਖਿਆ ਦੇ ਨਾਮ ਤੇ ਸੱਤਾ ਵਿੱਚ ਆਮ ਪਾਰਟੀ ਦੇ ਦਾਅਵੇ ਖੋਖਲੇ ਹੋ ਰਹੇ ਨੇ , ਸਰਕਾਰ ਮੈਰੀਟੋਰੀਅਸ ਟੀਚਰਜ਼ ਦੇ ਪਿਛਲੇ ਸਮੇਂ ਦੇ ਰੁਕੇ ਬਕਾਏ ਤੇ ਤਨਖ਼ਾਹ ਵਾਧੇ ਵੀ ਪੂਰੀ ਤਰ੍ਹਾਂ ਜਾਰੀ ਨਹੀਂ ਹੋਏ , ਸਰਕਾਰ ਵੱਲੋਂ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਡੰਗ ਟਪਾਇਆ ਜਾ ਰਿਹਾ ਹੈ , ਅਧਿਆਪਕਾਂ ਦੇ ਚੰਗੇ ਨਤੀਜਿਆਂ ਦੀ ਕਦਰ ਨਹੀਂ ਪਾਈ ਜਾ ਰਹੀ।