ਨਵੀਂ ਦਿੱਲੀ, 1 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਅਤਿ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਨੇ ਦੋ ਨਾਬਾਲਗਾਂ ਦਾ ਕਤਲ ਕਰਨ ਤੋਂ ਬਾਅਦ ਖੁਦ ਸਮੇਤ ਸਾਰੇ ਪਰਿਵਾਰ ਨੂੰ ਅੱਗ ਲਗਾ ਦਿੱਤੀ, ਇਸ ਘਟਨਾ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਹਰਾਇਚ ਵਿੱਚ ਵਾਪਰੀ। ਨਿੰਦੁਨਪੁਰਵਾ ਟੇਪਰਹਾ ਪਿੰਡ ਵਿੱਚ ਅੱਜ ਸਵੇਰੇ ਵਿਜੇ ਨਾਂ ਦੇ ਵਿਅਕਤੀ ਨੇ ਪਹਿਲਾਂ ਗਡਾਸੇ ਨਾਲ ਦੋ ਨਾਬਾਲਗਾਂ ਦਾ ਕਤਲ ਕਰ ਦਿੱਤਾ, ਬਾਅਦ ਵਿੱਚ ਖੁਦ ਨੇ ਪਰਿਵਾਰ ਨੂੰ ਅੱਗ ਲਗਾ ਦਿੱਤੀ। ਵਿਜੈ ਨੇ ਪਿੰਡ ਦੇ ਰਹਿਣ ਵਾਲੇ ਸੂਰਜ ਯਾਦਵ (14 ਸਾਲ) ਅਤੇ 13 ਸਾਲਾ ਸਨੀ ਵਰਮਾ ਨੂੰ ਆਪਣੇ ਘਰ ਬੁਲਾਇਆ। ਦੋਵਾਂ ਨੇ ਨਵਰਾਤਰੇ ਦਾ ਆਖਰੀ ਦਿਨ ਘਰ ਵਿੱਚ ਜ਼ਿਆਦਾ ਕੰਮ ਹੋਣ ਕਾਰਨ ਖੇਤਾਂ ਵਿਚ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਵਿਜੈ ਨੇ ਘਰ ਦੇ ਵਿਹੜੇ ਵਿੱਚ ਗਡਾਸੇ ਨਾਲ ਦੋਵਾਂ ਦਾ ਕਤਲ ਕਰ ਦਿੱਤਾ।
ਇਸ ਤੋਂ ਬਾਅਦ ਖੁਦ ਨੂੰ ਪਰਿਵਾਰ ਸਮੇਤ ਕਮਰੇ ਵਿਚ ਬੰਦ ਕਰਕੇ ਅੱਗ ਲਗਾ ਦਿੱਤੀ। ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ। ਇਸ ਘਟਲਾ ਵਿੱਚ ਪਤੀ ਪਤਨੀ ਤੇ ਦੋ ਧੀਆਂ ਸਮੇਤ ਚਾਰ ਜਾਣੇ ਜਿਉਂਦੇ ਸੜ ਗਏ। ਇਸ ਘਟਨਾ ਵਿੱਚ ਕੁਲ 6 ਜਾਣਿਆਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।