ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਦੀ ਪੇਂਡੂ ਪ੍ਰਤਿਭਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਿਵਲ ਸਕੱਤਰੇਤ ਵਿਖੇ “ਪਹਿਲ ਮਾਰਟ” ਦਾ ਉਦਘਾਟਨ

ਪੰਜਾਬ

ਚੰਡੀਗੜ੍ਹ, 1 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਪਿੰਡਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਅਤੇ ਰਵਾਇਤੀ ਕਾਰੀਗਰੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ, ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ.) ਵੱਲੋਂ ਅੱਜ “ਪਹਿਲ ਮਾਰਟ” ਦਾ ਉਦਘਾਟਨ ਕੀਤਾ ਗਿਆ ਹੈ। ਇਹ ਮਾਰਟ ਪੰਜਾਬ ਦੇ ਦਿਹਾਤੀ ਖੇਤਰਾਂ ਦੇ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.) ਵੱਲੋਂ ਤਿਆਰ ਦਸਤੀ ਵਸਤਾਂ ਅਤੇ ਔਰਗੈਨਿਕ ਉਤਪਾਦਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਬਾਜ਼ਾਰ ਹੈ।

ਇਸ ਮਾਰਟ ਦਾ ਉਦਘਾਟਨ ਬੁੱਧਵਾਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਵੱਲੋਂ ਪੰਜਾਬ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ ਵਿਖੇ ਕੀਤਾ ਗਿਆ।

ਸੂਬੇ ਦੇ ਦਿਹਾਤੀ ਖੇਤਰਾਂ ਦੀ ਕਾਰੀਗਰੀ ਅਤੇ ਉੱਦਮਤਾ ਨੂੰ ਪੇਸ਼ ਕਰਨ ਵਾਲਾ ਇਹ “ਪਹਿਲ ਮਾਰਟ” ਲੋਕਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਦਾ ਵਿਲੱਖਣ ਅਨੁਭਵ ਪ੍ਰਦਾਨ ਕਰਦਾ ਹੈ ਅਤੇ ਦਿਹਾਤੀ ਕਾਰੀਗਰਾਂ ਦੇ ਸਮਰਪਣ ਅਤੇ ਨਵੀਨਤਾ ਨੂੰ ਦਰਸਾਉਂਦਿਆਂ  ਜੈਵਿਕ ਉਤਪਾਦਾਂ ਦੀ ਇੱਕ ਲੜੀ ਪੇਸ਼ ਕਰਦਾ ਹੈ। ਇਸ ਪਹਿਲਕਦਮੀ ਤਹਿਤ ਨਾ ਸਿਰਫ਼ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਵਸਤਾਂ ਨੂੰ ਸਿੱਧੇ ਬਾਜ਼ਾਰ ਤੱਕ ਪਹੁੰਚਾਇਆ ਜਾਂਦਾ ਹੈ ਬਲਕਿ ਪੇਂਡੂ ਭਾਈਚਾਰਿਆਂ ਦਰਮਿਆਨ ਸਵੈ-ਨਿਰਭਰਤਾ, ਆਰਥਿਕ ਉੱਨਤੀ ਅਤੇ ਮਹਿਲਾ ਸਸ਼ਕਤੀਕਰਨ ਦੀ ਲਹਿਰ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਮਾਰਟ ‘ਤੇ ਉਪਲਬਧ ਮੁੱਖ ਉਤਪਾਦਾਂ ਵਿੱਚ ਫੁਲਕਾਰੀ, ਸੂਟ, ਜੁੱਤੀਆਂ, ਸ਼ਹਿਦ, ਅਚਾਰ, ਸਕੁਐਸ਼, ਸਿਰਕਾ, ਤੇਲ, ਮਸਾਲੇ, ਕਣਕ ਦਾ ਆਟਾ, ਪਾਪੜ, ਸਾਬਣ, ਮੁਰੱਬੇ, ਮੋਮਬੱਤੀਆਂ ਆਦਿ ਸ਼ਾਮਲ ਹਨ।

ਸੌਂਦ ਨੇ ਮਾਰਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਵੈ-ਨਿਰਭਰਤਾ, ਪੇਂਡੂ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਵੱਲ ਇੱਕ ਸਾਰਥਕ ਕਦਮ ਹੈ। ਉਨ੍ਹਾਂ ਕਿਹਾ ਕਿ ਪਹਿਲ ਮਾਰਟ ਪੰਜਾਬ ਦੀਆਂ ਪੇਂਡੂ ਔਰਤਾਂ ਦੀ ਰਚਨਾਤਮਕਤਾ ਅਤੇ ਉੱਦਮੀ ਭਾਵਨਾ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਇਹ ਮਾਰਟ ਸਵੈ-ਸਹਾਇਤਾ ਸਮੂਹਾਂ ਨੂੰ ਨਵੇਂ ਬਾਜ਼ਾਰਾਂ ਤੱਕ ਲੈ ਜਾਣ ਅਤੇ ਸਥਾਈ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮੰਚ ਹੋਰਨਾਂ ਔਰਤਾਂ ਨੂੰ ਸਵੈ-ਰੁਜ਼ਗਾਰ ਅਪਣਾਉਣ ਲਈ ਪ੍ਰੇਰਿਤ ਕਰੇਗਾ ਜਿਸ ਨਾਲ ਭਾਈਚਾਰਕ ਪ੍ਰਗਤੀ ਵਿੱਚ ਵਾਧਾ ਹੋਵੇਗਾ।

ਇਸ ਮੌਕੇ ਸੰਯੁਕਤ ਵਿਕਾਸ ਕਮਿਸ਼ਨਰ ਸ਼ੇਨਾ ਅਗਰਵਾਲ, ਸੀ.ਈ.ਓ. ਪੀ.ਐਸ.ਆਰ.ਐਲ.ਐਮ. ਵਰਜੀਤ ਵਾਲੀਆ, ਏ.ਸੀ.ਈ.ਓ. ਪੀ.ਐਸ.ਆਰ.ਐਲ.ਐਮ. ਰੁਪਾਲੀ ਟੰਡਨ ਅਤੇ ਸਕੱਤਰ ਜਨਰਲ ਪ੍ਰਬੰਧਨ ਗੌਰੀ ਪਰਾਸ਼ਰ ਜੋਸ਼ੀ ਸਮੇਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਐਸ.ਐਚ.ਜੀ. ਮੈਂਬਰ ਮੌਜੂਦ ਸਨ। ਇਸ ਮੌਕੇ ਸਾਰਿਆਂ ਨੇ ਪੇਂਡੂ ਮਹਿਲਾ ਉੱਦਮੀਆਂ ਦੇ ਅਦੁੱਤੀ ਜਜ਼ਬੇ ਦੀ ਸ਼ਲਾਘਾ ਕੀਤੀ।

ਪਹਿਲ ਮਾਰਟ ਦੀ ਸ਼ੁਰੂਆਤ ਨਾਲ, ਪੀ.ਐਸ.ਆਰ.ਐਲ.ਐਮ. ਸੂਬੇ ਦੀ ਪੇਂਡੂ ਪ੍ਰਤਿਭਾ ਨੂੰ ਵਿਕਸਤ ਕਰਨ, ਸਥਾਈ ਆਜੀਵਕਾ ਵਿੱਚ ਸਹਾਇਤਾ ਕਰਨ ਅਤੇ ਪੰਜਾਬ ਵਿੱਚ ਮਹਿਲਾ ਸਸ਼ਕਤੀਕਰਨ ਸਬੰਧੀ ਪਹਿਲਕਦਮੀਆਂ ਯਕੀਨੀ ਬਣਾਉਣ ਪ੍ਰਤੀ ਵਚਨਬੱਧ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।