ਫਿਰੋਜ਼ਪੁਰ, 3 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਪਿਤਾ ਨੇ ਆਪਣੀ ਹੀ ਧੀ ਦੇ ਹੱਥ ਪੈਰ ਬੰਨ੍ਹ ਕੇ ਨਹਿਰ ਵਿੱਚ ਸੁੱਟ ਦਿੱਤਾ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਹਾਊਸਿੰਗ ਬੋਰਡ ਕਾਲੋਨੀ ਦੇ ਰਹਿਣ ਵਾਲੇ ਵਿਅਕਤੀ ਨੂੰ ਆਪਣੀ ਧੀ ਦੇ ਚਰਿੱਤਰ ਉਤੇ ਸ਼ੱਕ ਸੀ, ਜਿਸ ਕਾਰਨ ਇਹ ਕਦਮ ਚੁੱਕਿਆ। ਫਰੀਦਕੋਟ ਚੌਕ ਦੇ ਰਹਿਣ ਵਾਲੇ ਸਾਹਿਲ ਚੌਹਾਨ ਸਤੀਏਵਾਲਾ ਨੇ ਸ਼ਿਕਾਇਤ ਕੀਤੀ ਹੈ ਕਿ ਉਸਦਾ ਮਾਮਾ ਸੁਰਜੀਤ ਸਿੰਘ ਆਪਣੀ 17 ਸਾਲਾ ਧੀ ਦੇ ਚਰਿੱਤਰ ਉਤੇ ਸ਼ੱਕ ਕਰਦਾ ਸੀ ਅਤੇ ਉਸਦੀ ਕੁੱਟਮਾਰ ਕਰਦਾ ਸੀ। ਬੀਤੇ 30 ਸਤੰਬਰ ਨੂੰ ਦੇਰ ਸ਼ਾਮ ਨੂੰ ਉਹ ਰਿਸ਼ਤੇਦਾਰੀ ਦਾ ਬਹਾਨਾ ਬਣਾ ਕੇ ਆਪਣੀ ਧੀ ਨੂ ੰਮੋਟਰਸਾਈਕਲ ਉਤੇ ਬੈਠਾ ਕੇ ਮੋਗਾ ਰੋਡ ਉਤੇ ਜਾ ਰਿਹਾ ਸੀ। ਸ਼ਿਕਾਇਤ ਕਰਤਾ ਮੁਤਾਬਕ ਉਹ ਉਸਦਾ ਪਿੱਛਾ ਕਰ ਰਿਹਾ ਸੀ। ਇਸ ਦੌਰਾਨ ਸੁਰਜੀਤ ਨੇ ਬਸਤੀ ਦੇ ਪੁਲ ਨੇੜੇ ਆਪਣੀ ਧੀ ਦੇ ਹੱਥ ਬੰਨ੍ਹ ਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਤੇ ਆਪ ਉਥੋਂ ਚਲਾ ਗਿਆ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ।