ਚਮਕੌਰ ਸਾਹਿਬ / ਮੋਰਿੰਡਾ 5 ਅਕਤੂਬਰ ਭਟੋਆ
ਚਮਕੌਰ ਸਾਹਿਬ – ਰੂਪਨਗਰ ਸੜਕ ਤੇ ਸਥਿੱਤ ਥੀਮ ਪਾਰਕ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਫੌਜ ਦੇ ਦੋ ਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋ ਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮਾਰੂਤੀ ਫਰੌਂਕਸ ਕਾਰ ਨੰਬਰ ਐਚਪੀ- 32ਸੀ – 8900 ਅਤੇ ਬਲੈਰੋ ਮੈਕਸ ( ਪਿੱਕਅਪ ) ਪੀਬੀ10 ਜੇਐਲ – 7841 ਦਰਮਿਆਨ ਵਾਪਰਿਆ। ਇਹ ਹਾਦਸਾ ਐਨਾ ਭਿਆਨਕ ਸੀ ਕਿ ਆਹਮੋ – ਸਾਹਮਣੇ ਹੋਈ ਟੱਕਰ ਦੌਰਾਨ ਕਾਰ ਚਲਾ ਰਹੇ ਚਾਲਕ ਅਤੇ ਚਾਲਕ ਦੀ ਨਾਲ ਵਾਲੀ ਸੀਟ ਤੇ ਬੈਠੇ ਇਹ ਦੋਵੇ ਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋ ਕਿ ਕਾਰ ਦੀ ਪਿਛਲੀ ਸੀਟ ਤੇ ਬੈਠੇ ਅਸ਼ੀਸ਼ ਕੁਮਾਰ ਪੁੱਤਰ ਗੁਰਪਿਆਰਾ ਜੋ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਨਾਲ ਸਬੰਧਤ ਹੈ, ਜਖ਼ਮੀ ਹੋ ਗਿਆ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਦਲੀਪ ਕੁਮਾਰ ( 24 ) ਪੁੱਤਰ ਸੁਭਾਸ਼ ਚੰਦ ਪਿੰਡ ਧਾਊਮਨ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਅਤੇ ਧਮੇਸ਼ਵਰ ਸਿੰਘ ( 26 ) ਪੁੱਤਰ ਰਾਮ ਸਿੰਘ ਪਿੰਡ ਥਾਚੀ ਦੇਵਧਰ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਜਖ਼ਮੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਉਹ ਤਿੰਨੋ ਜਾਣੇ ਫਿਰੋਜ਼ਪੁਰ ਵਿਖੇ 20 ਡੋਗਰਾ ਰੈਜਮੈਂਟ ਵਿੱਚ ਬਤੌਰ ਸਿਪਾਹੀ ਤਾਇਨਾਤ ਹਨ ਅਤੇ ਉਹ ਛੁੱਟੀ ਲੈ ਕੇ ਘਰ ਨੂੰ ਜਾ ਰਹੇ ਸਨ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਉਕਤ ਤਿੰਨਾਂ ਨੂੰ ਐਂਬੂਲੈਂਸ ਅਤੇ ਸੜਕ ਸੁਰੱਖਿਆ ਵਿਭਾਗ ਦੀਆਂ ਗੱਡੀਆਂ ਰਾਹੀ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਕੇ ਡਿਊਟੀ ਤੇ ਤਾਇਨਾਤ ਡਾਕਟਰ ਵੱਲੋਂ ਦੋ ਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋ ਕਿ ਅਸ਼ੀਸ਼ ਕੁਮਾਰ ਦਾ ਇਲਾਜ ਜਾਰੀ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਲੈਰੋ ਪਿਕਅਪ ਦੇ ਚਾਲਕ ਪ੍ਰਿੰਸ ਨੇ ਦੱਸਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਲੁਧਿਆਣਾ ਨੂੰ ਕਾਲਾ ਤੇਲ ਲੈ ਕੇ ਜਾ ਰਿਹਾ ਸੀ ਕਿ ਥੀਮ ਪਾਰਕ ਕੋਲ ਸਾਹਮਣੇ ਤੋਂ ਗਲਤ ਸਾਈਡ ਵਿੱਚ ਕਾਰ ਆ ਕੇ ਉਸ ਦੀ ਗੱਡੀ ਨਾਲ ਟਕਰਾਅ ਗਈ, ਜਿਸ ਕਾਰਨ ਇਹ ਭਾਣਾ ਵਾਪਰ ਗਿਆ ਅਤੇ ਉਸ ਦੇ ਵੀ ਸੱਟਾਂ ਵੱਜੀਆਂ ਹਨ।