824732.78 ਮੀਟਰਕ ਟਨ ਹੋਈ ਆਮਦ, 772965.23 ਮੀਟਰਕ ਟਨ ਝੋਨਾ ਖ਼ਰੀਦਿਆ
ਝੋਨੇ ਦੀ ਖਰੀਦ ਤੇਜ਼ੀ ਨਾਲ ਜਾਰੀ, 66679 ਕਿਸਾਨਾਂ ਨੂੰ 1646.47 ਕਰੋੜ ਰੁਪਏ ਦੀ ਅਦਾਇਗੀ ਕੀਤੀ
ਚੰਡੀਗੜ੍ਹ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਮੌਜੂਦਾ ਸਾਉਣੀ ਮੰਡੀਕਰਨ ਸੀਜ਼ਨ ਦੌਰਾਨ ਹਰ ਬੀਤਦੇ ਦਿਨ ਨਾਲ ਝੋਨੇ ਦੀ ਖਰੀਦ ਵਿੱਚ ਲਗਾਤਾਰ ਤੇਜ਼ੀ ਵੇਖਣ ਨੂੰ ਮਿਲੀ ਹੈ, ਜੋ ਇਸ ਤੱਥ ਤੋਂ ਸਪੱਸ਼ਟ ਹੁੰਦਾ ਹੈ ਕਿ ਕੱਲ੍ਹ ਦੇਰ ਸ਼ਾਮ ਤੱਕ ਸੂਬੇ ਦੀਆਂ ਮੰਡੀਆਂ ਵਿੱਚ ਕੁੱਲ 824732.78 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਅਤੇ ਇਸ ਵਿੱਚੋਂ 772965.23 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਜੋ ਕਿ ਕੁੱਲ ਉਪਜ ਦਾ 93 ਫ਼ੀਸਦ ਬਣਦੀ ਹੈ। ਸਰਕਾਰੀ ਏਜੰਸੀਆਂ ਨੇ 770241.58 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ ਅਤੇ ਪਨਗ੍ਰੇਨ (ਪੰਜਾਬ ਰਾਜ ਅਨਾਜ ਖਰੀਦ ਨਿਗਮ ਲਿਮਟਿਡ) ਹੁਣ ਤੱਕ 323992.64 ਮੀਟਰਕ ਟਨ ਖਰੀਦ ਨਾਲ ਸਰਕਾਰੀ ਏਜੰਸੀਆਂ ਵਿੱਚੋਂ ਮੋਹਰੀ ਰਿਹਾ ਹੈ।
ਇਸ ਤੋਂ ਇਲਾਵਾ ਮੌਜੂਦਾ ਸਾਉਣੀ ਮੰਡੀਕਰਨ ਸੀਜ਼ਨ ਵਿੱਚ ਹੁਣ ਤੱਕ 66679 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਾ ਲਾਭ ਮਿਲਿਆ ਹੈ। ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 1646.47 ਕਰੋੜ ਰੁਪਏ ਜਮ੍ਹਾਂ ਕੀਤੇ ਜਾ ਚੁੱਕੇ ਹਨ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੁਹਰਾਇਆ ਕਿ ਸੂਬੇ ਵਿੱਚ ਆਏ ਹੜ੍ਹਾਂ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੁਆਰਾ ਸਖ਼ਤ ਮਿਹਨਤ ਨਾਲ ਪੈਦਾ ਕੀਤੇ ਗਏ ਅਨਾਜ ਦੇ ਹਰੇਕ ਦਾਣੇ ਦੀ ਖਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਅਕਤੂਬਰ ਮਹੀਨੇ ਲਈ 27000 ਕਰੋੜ ਰੁਪਏ ਅਤੇ ਸਤੰਬਰ ਲਈ 15000 ਕਰੋੜ ਰੁਪਏ ਦੀ ਨਕਦ ਕਰਜ਼ਾ ਸੀਮਾ (ਸੀਸੀਐਲ) ਹਾਸਿਲ ਕਰ ਲਈ ਹੈ। ਅਧਿਕਾਰੀਆਂ ਨੂੰ ਮੰਡੀਆਂ ਵਿੱਚ ਬਾਰਦਾਨਾ, ਡਾਕਟਰੀ ਸਹੂਲਤਾਂ ਅਤੇ ਸਫ਼ਾਈ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਕਿਸਾਨ ਨੂੰ ਆਪਣੀ ਉਪਜ ਵੇਚਣ ਵਿੱਚ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ।