ਅੰਮ੍ਰਿਤਸਰ, 7 ਅਕਤੂਬਰ, ਦੇਸ਼ ਕਲਿਕ ਬਿਊਰੋ :
ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਅੰਮ੍ਰਿਤਸਰ ਵਿੱਚ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਵੇਗਾ।
ਨਗਰ ਕੀਰਤਨ ਫਿਰ ਪਲਾਜ਼ਾ ਘੰਟਾ ਘਰ, ਜਲ੍ਹਿਆਂਵਾਲਾ ਬਾਗ, ਘਿਓ ਮੰਡੀ ਚੌਕ, ਸ਼ੇਰਾਂ ਵਾਲਾ ਗੇਟ, ਮਹਾਂ ਸਿੰਘ ਗੇਟ, ਚੌਕ ਰਾਮ ਬਾਗ, ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਲਾਹੌਰੀ ਗੇਟ, ਬੇਰੀ ਗੇਟ, ਖਜ਼ਾਨਾ ਗੇਟ, ਗੇਟ ਹਕੀਮਾਂ, ਭਗਤਾਂ ਵਾਲਾ ਚੌਕ, ਚੱਟੀ ਵਿੰਡ ਗੇਟ, ਸੁਲਤਾਨਵਿੰਡ ਗੇਟ ਅਤੇ ਫਿਰ ਘਿਓ ਮੰਡੀ ਚੌਕ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਰਾਤ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਰਾਗ ਦਰਬਾਰ ਅਤੇ ਰਵਾਇਤੀ ਸ਼ਬਦ ਕੀਰਤਨ ਦਰਬਾਰ ਹੋਵੇਗਾ, ਜਿੱਥੇ ਸੰਪਰਦਾ ਦੇ ਪ੍ਰਸਿੱਧ ਰਾਗੀ ਜਥੇ ਸੰਗਤ ਲਈ ਰਾਗ-ਅਧਾਰਤ ਕੀਰਤਨ ਕਰਨਗੇ।
8 ਅਕਤੂਬਰ ਨੂੰ, ਦਿਨ ਭਰ ਧਾਰਮਿਕ ਦੀਵਾਨ ਸਜਾਏ ਜਾਣਗੇ। ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਵਿਸ਼ੇਸ਼ ਸਜਾਵਟ ਵੀ ਕੀਤੀ ਜਾਵੇਗੀ। ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।
