ਚੰਡੀਗੜ੍ਹ, 8 ਅਕਤੂਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਅਹਿਮ ਕਦਮ ਚੁੱਕਦੇ ਹੋਏ, ਸੂਬਾ ਸਰਕਾਰ ਨੇ ਇੱਕ ਵਿਸ਼ਾਲ, ਬਹੁ-ਕਰੋੜੀ ਬੁਨਿਆਦੀ ਢਾਂਚਾ ਮਿਸ਼ਨ ਸ਼ੁਰੂ ਕੀਤਾ ਹੈ। ਇਹ ਮਹੱਤਵਾਕਾਂਖੀ ਯੋਜਨਾ ਸੂਬੇ ਦੇ ਉਦਯੋਗਿਕ ਖੇਤਰਾਂ ਦੀ ਨੁਹਾਰ ਬਦਲਣ ਲਈ ਪੂਰੀ ਤਰ੍ਹਾਂ ਤਿਆਰ ਹੈ, ਇਸ ਤਰ੍ਹਾਂ ਨਵੇਂ ਨਿਵੇਸ਼ਾਂ ਅਤੇ ਸਥਾਨਕ ਕਾਰੋਬਾਰਾਂ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਵਿਆਪਕ ਸੁਧਾਰਾਂ ਦਾ ਐਲਾਨ ਕਰਦੇ ਹੋਏ, ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਉਤਸ਼ਾਹ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਉਦਯੋਗਿਕ ਖੇਤਰ ਦੀ ਪੁਨਰ ਸੁਰਜੀਤੀ ਸ਼ੁਰੂ ਹੋ ਚੁੱਕੀ ਹੈ। ਅਸੀਂ ਸਪੱਸ਼ਟ ਤੌਰ ਤੇ ਉਦਯੋਗ ਜਗਤ ਦੇ ਆਗੂਆਂ ਦੀ ਅਵਾਜ਼ ਸੁਣ ਰਹੇ ਹਾਂ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦ੍ਰਿੜ ਸਮਰਥਨ ਹੇਠ ਉਹ ਨਿਰਣਾਇਕ ਢੰਗ ਨਾਲ ਕੰਮ ਕਰ ਰਹੇ ਹਾਂ। ਅਸੀਂ ਇੱਕ ਅਜਿਹੀ ਨੀਂਹ ਬਣਾ ਰਹੇ ਹਾਂ ਜਿੱਥੇ ਸਾਡੇ ਉਦਯੋਗ ਮਾੜੇ ਬੁਨਿਆਦੀ ਢਾਂਚੇ ਦੀਆਂ ਰੁਕਾਵਟਾਂ ਨੂੰ ਉਲੰਘ ਕੇ ਵਧ-ਫੁੱਲ ਸਕਦੇ ਹਨ।
ਇਹ ਸਰਗਰਮ ਕਾਰਵਾਈ ਉੱਚ-ਪੱਧਰੀ ਮੀਟਿੰਗਾਂ ਦੀ ਇੱਕ ਲੜੀ ਤੋਂ ਬਾਅਦ ਕੀਤੀ ਗਈ ਹੈ, ਜਿੱਥੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਬੁਨਿਆਦੀ ਸਹੂਲਤਾਂ ਵਿੱਚ ਵੱਡੇ ਪਾੜੇ ਨੂੰ ਉਭਾਰਿਆ। ਇਸ ਦੇ ਜਵਾਬ ਵਿੱਚ, ਪੰਜਾਬ ਵਿਕਾਸ ਕਮਿਸ਼ਨ (ਪੀ.ਡੀ.ਸੀ.) ਨੇ ਤੁਰੰਤ ਰਾਜ ਦੇ ਉਦਯੋਗਿਕ ਖੇਤਰਾਂ ਵਿੱਚ ਟੀਮਾਂ ਤਾਇਨਾਤ ਕੀਤੀਆਂ। ਉਦਯੋਗਿਕ ਸੰਸਥਾਵਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਜ਼ਮੀਨੀ ਪੱਧਰ `ਤੇ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਇੱਕ ਵਿਸਤ੍ਰਿਤ, ਪੜਾਅਵਾਰ ਅਪਗ੍ਰੇਡ ਯੋਜਨਾ ਤਿਆਰ ਕੀਤੀ ਗਈ।ਮੰਤਰੀ ਨੇ ਕਿਹਾ, “ਵਾਅਦੇ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ।” “ਟੈਂਡਰਿੰਗ ਪ੍ਰਕਿਰਿਆ ਹੁਣ ਲਾਈਵ ਹੈ, ਜੋ ਜ਼ਮੀਨੀ ਪੱਧਰ `ਤੇ ਇਸ ਪਰਿਵਰਤਨਸ਼ੀਲ ਸਫ਼ਰ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ।”
ਹੁਣ ਸੂਬੇ ਭਰ ਵਿੱਚ ਵਿਕਾਸ ਦੀ ਇੱਕ ਲਹਿਰ ਸ਼ੁਰੂ ਹੋਣ ਵਾਲੀ ਹੈ।ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) 26 ਮੁੱਖ ਉਦਯੋਗਿਕ ਫੋਕਲ ਪੁਆਇੰਟਾਂ ਨੂੰ ਮੁੜ ਸੁਰਜੀਤ ਕਰਨ ਲਈ 97.54 ਕਰੋੜ ਰੁਪਏ ਦੇ ਨਿਵੇਸ਼ ਨਾਲ ਪਹਿਲੇ ਕਾਰਜ ਦੀ ਅਗਵਾਈ ਕਰ ਰਿਹਾ ਹੈ।ਇਹ ਫੰਡਿੰਗ ਲੁਧਿਆਣਾ,ਮੋਹਾਲੀ ਅਤੇ ਹੋਰ ਜਿ਼ਲ੍ਹਿਆਂ ਵਿੱਚ 32.76 ਕਰੋੜ ਦੀ ਲਾਗਤ ਨਾਲ ਮਜ਼ਬੂਤ ਸੜਕਾਂ ਅਤੇ ਸਾਫ਼ ਸੰਕੇਤ; 27.61 ਕਰੋੜ ਦੇ ਆਧੁਨਿਕ ਸੀਵਰੇਜ ਅਤੇ ਐਸਟੀਪੀ; ਸਾਰੇ ਪੁਆਇੰਟਾਂ ਲਈ ਮਜ਼ਬੂਤ ਜਲ ਸਪਲਾਈ ਨੈੱਟਵਰਕ; ਸਟਰੀਟ ਲਾਈਟਿੰਗ ਅਤੇ ਵਧੀਆਂ ਨਾਗਰਿਕ ਸਹੂਲਤਾਂ, ਲਈ ਵਿਆਪਕ ਸੁਧਾਰ ਲਿਆਏਗੀ।
ਇਸ ਦੇ ਨਾਲ ਹੀ, ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇੱਕ ਹੋਰ ਵੀ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ, ਜਿਸ ਵਿੱਚ 134.44 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਲੁਧਿਆਣਾ ਅਤੇ ਖੰਨਾ ਵਿੱਚ 26 ਫੋਕਲ ਪੁਆਇੰਟਾਂ ਅਤੇ 7 ਉਦਯੋਗਿਕ ਜ਼ੋਨਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਹ ਸੰਪੂਰਨ ਅਪਗ੍ਰੇਡ ਵਿਸ਼ਵ ਪੱਧਰੀ ਸੜਕਾਂ ਅਤੇ ਫੁੱਟਪਾਥ , ਸਿਹਤਮੰਦ ਵਾਤਾਵਰਣ ਲਈ ਹਰਾ-ਭਰਾ ਮਾਹੌਲ,ਸੀਵਰੇਜ ਅਤੇ ਪਾਣੀ ਸਹੂਲਤਾਂ ਵਿੱਚ ਸੋਧ, ਆਧੁਨਿਕ ਲਾਈਟਿੰਗ ਸਥਾਪਤ ਕਰੇਗਾ ਅਤੇ ਸੀਸੀਟੀਵੀ ਸੁਰੱਖਿਆ ਨਾਲ ਲੈਸ ਜਿੰਮ ਅਤੇ ਕਮਿਊਨਿਟੀ ਸੈਂਟਰ ਵਰਗੀਆਂ ਨਵੀਆਂ ਕਮਿਊਨਿਟੀ ਸਹੂਲਤਾਂ ਵੀ ਬਣਾਏਗਾ।
ਸ਼੍ਰੀ ਅਰੋੜਾ ਨੇ ਕਿਹਾ ,“ਸਮਾਂ-ਸਾਰਨੀ ਸਪੱਸ਼ਟ ਹੈ,” । “ਮਾਰਚ 2026 ਤੱਕ, ਪੰਜਾਬ ਦੇ ਉਦਯੋਗਿਕ ਜਗਤ ਦੀ ਨੁਹਾਰ ਨਵਿਆਈ ਜਾਵੇਗੀ।ਅਸੀਂ ਤੇਜ਼ੀ ਨਾਲ ਅਮਲ ਕਰਨ ਲਈ ਵਚਨਬੱਧ ਹਾਂ ਅਤੇ ਹਰ ਕਦਮ `ਤੇ ਉਦਯੋਗ ਦੇ ਫੀਡਬੈਕ ਪ੍ਰਤੀ ਜਵਾਬਦੇਹ ਹੋਵਾਂਗੇ।ਸਾਡਾ ਟੀਚਾ ਸਾਧਾਰਨ ਪਰ ਸ਼ਕਤੀਸ਼ਾਲੀ ਹੈ: ਨਿਰਵਿਘਨ ਕਾਰਜਾਂ ਨੂੰ ਯਕੀਨੀ ਬਣਾਉਣਾ, ਲੌਜਿਸਟਿਕ ਲਾਗਤਾਂ ਨੂੰ ਘਟਾਉਣਾ ਅਤੇ ਦੁਨੀਆ ਨੂੰ ਸਪੱਸ਼ਟ ਰੂਪ ਵਿੱਚ ਸੰਕੇਤ ਦੇਣਾ ਕਿ ਪੰਜਾਬ ਕਾਰੋਬਾਰ ਲਈ ਸਭ ਲਈ ਉਪਲਬਧ ਹੈ।”