ਭਾਰਤ ਦੇ ਦਲਿਤ ਚੀਫ਼ ਜਸਟਿਸ ਬੀ.ਆਰ. ਗਵਈ ‘ਤੇ ਹਮਲਾ ਬਾਬਾ ਸਾਹਿਬ ਦਾ ਅਪਮਾਨ

ਪੰਜਾਬ

‘ਆਪ’ ਐਸ ਸੀ ਵਿੰਗ ਨੇ ਪੂਰੇ ਪੰਜਾਬ ਵਿਚ ਫੂਕਿਆ ਭਾਜਪਾ ਦਾ ਪੁਤਲਾ, ਕਿਹਾ- ਬਰਦਾਸ਼ਤ ਨਹੀਂ ਕਰਾਂਗੇ ਦਲਿਤ ਭਾਈਚਾਰੇ ਨਾਲ ਕੀਤਾ ਧੱਕਾ

ਜਦੋਂ ਤੱਕ ਦੋਸ਼ੀ ਵਕੀਲ ਨੂੰ ਸਜ਼ਾ ਨਹੀਂ ਮਿਲਦੀ, ਪੰਜਾਬ ਵਿੱਚ ਜਾਰੀ ਰਹਿਣਗੇ ‘ਆਪ’ ਦੇ ਧਰਨੇ- ਗੁਰਪ੍ਰੀਤ ਸਿੰਘ ਜੀਪੀ

‘ਹੜ੍ਹਾਂ ਦੇ ਮੁਆਵਜ਼ੇ ਵਾਂਗ ਦਲਿਤਾਂ ਨਾਲ ਵਿਤਕਰਾ: ਗੁਰਪ੍ਰੀਤ ਜੀਪੀ ਨੇ ਕੇਂਦਰ ਨੂੰ ਘੇਰਿਆ, ਪੰਜਾਬ ਨੂੰ 20 ਹਜ਼ਾਰ ਕਰੋੜ ਮੁਆਵਜ਼ਾ ਦੇਣ ਦੀ ਕੀਤੀ ਮੰਗ

ਚੰਡੀਗੜ੍ਹ, 9 ਅਕਤੂਬਰ 2025, ਦੇਸ਼ ਕਲਿੱਕ ਬਿਓਰੋ :

ਆਮ ਆਦਮੀ ਪਾਰਟੀ (ਆਪ) ਦੇ ਐਸ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਵਿੱਚ ਭਾਜਪਾ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ‘ਆਪ’ ਵਰਕਰਾਂ ਨੇ ਦੋਸ਼ੀ ਵਕੀਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਵਜੋਂ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ। ਇਹ ਰੋਸ ਪ੍ਰਦਰਸ਼ਨ ਇੱਕ ਵਕੀਲ ਵੱਲੋਂ ਕਥਿਤ ਤੌਰ ‘ਤੇ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਵੱਲ ਜੁੱਤਾ ਸੁੱਟਣ ਦੀ ਘਟਨਾ ਦੇ ਵਿਰੋਧ ਵਿੱਚ ਕੀਤਾ ਗਿਆ।

ਗੁਰਪ੍ਰੀਤ ਸਿੰਘ ਜੀਪੀ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਦੱਸਿਆ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਚੀਫ਼ ਜਸਟਿਸ ਆਫ਼ ਇੰਡੀਆ ਦੇ ਇੱਕ ਵਕੀਲ ਨਾਲ ਜੋ ਧੱਕਾ ਹੋਇਆ ਹੈ, ਉਹ ਸਾਡੀ ਕੌਮ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਕੇਂਦਰ ਵਿੱਚ ਰਾਜ ਕਰ ਰਹੀ ਹੈ, ਉਦੋਂ ਤੋਂ ਹੀ ਪੰਜਾਬ ਨਾਲ ਜਾਤ-ਪਾਤ ਦੇ ਨਾਮ ‘ਤੇ, ਵਿਤਕਰਾ ਚੱਲਦਾ ਆ ਰਿਹਾ ਹੈ। ਉਨ੍ਹਾਂ ਇਸ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਦਲਿਤ ਮੁੱਖ ਜੱਜ ‘ਤੇ ਹਮਲਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਅਪਮਾਨ ਹੈ ਅਤੇ ਦੇਸ਼ ਦੇ ਲੋਕ ਇਸ ਅਪਮਾਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

‘ਆਪ’ ਐਸ.ਸੀ. ਵਿੰਗ ਦੇ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਮੁੱਖ ਜੱਜ ਬੀ.ਆਰ. ਗਵਈ ‘ਤੇ ਹਮਲਾ ਸਿਰਫ ਇੱਕ ਵਿਅਕਤੀ ‘ਤੇ ਨਹੀਂ, ਸਗੋਂ ਦੇਸ਼ ਦੇ ਹਰ ਦਲਿਤ, ਪੱਛੜੇ ਅਤੇ ਘੱਟ ਗਿਣਤੀ ਭਾਈਚਾਰੇ ‘ਤੇ ਹਮਲਾ ਹੈ ਜੋ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਵੋਟ ਦੀ ਤਾਕਤ ਦਿੱਤੀ ਹੈ ਅਤੇ ਅਸੀਂ ਉਸ ਤਾਕਤ ਨਾਲ ਇਸ ਨਫ਼ਰਤ ਫੈਲਾਉਣ ਵਾਲੀ ਭਾਜਪਾ ਸਰਕਾਰ ਤੋਂ ਬਦਲਾ ਲਵਾਂਗੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਦੋਸ਼ੀ ਵਕੀਲ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਸਖਤ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਪੰਜਾਬ ਵਿੱਚ ਧਰਨੇ-ਮੁਜ਼ਾਹਰੇ ਜਾਰੀ ਰਹਿਣਗੇ।

ਇਸੇ ਦੌਰਾਨ ਗੁਰਪ੍ਰੀਤ ਸਿੰਘ ਜੀਪੀ ਨੇ ਪੰਜਾਬ ਨਾਲ ਕੇਂਦਰ ਦੇ ਵਿਤਕਰੇ ਦੇ ਮੁੱਦੇ ਨੂੰ ਵੀ ਉਠਾਇਆ। ਉਨ੍ਹਾਂ ਕਿਹਾ ਕਿ ਚਾਹੇ ਪੰਜਾਬ ਵਿੱਚ ਆਏ ਹੜ੍ਹਾਂ ਦਾ ਮਾਮਲਾ ਹੋਵੇ, ਕੇਂਦਰ ਹਮੇਸ਼ਾ ਪੱਖਪਾਤ ਕਰਦਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੇ ਨੁਕਸਾਨ ਲਈ 20,000 ਕਰੋੜ ਦਾ ਮੁਆਵਜ਼ਾ ਮੰਗਿਆ ਸੀ, ਪਰ ਕੇਂਦਰ ਵੱਲੋਂ ਸਿਰਫ 1600 ਕਰੋੜ ਦਾ ਮੁਆਵਜ਼ਾ ਦਿੱਤਾ ਗਿਆ, ਜੋ ਕਿ ਅੰਦਾਜ਼ਨ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨਾਲ ‘ਕਾਸਟਿਜ਼ਮ ਦੀ ਰਾਜਨੀਤੀ’ ਅਤੇ ਵਿਤਕਰਾ ਕਰਨਾ ਬੰਦ ਕੀਤਾ ਜਾਵੇ ਅਤੇ ਘੱਟੋ-ਘੱਟ 20,000 ਕਰੋੜ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ‘ਆਪ’ ਦਾ ਸੰਘਰਸ਼ ਪੰਜਾਬ ਪੱਧਰ ‘ਤੇ ਜਾਰੀ ਰਹੇਗਾ ਅਤੇ ਦਲਿਤਾਂ ਸਮੇਤ ਕਿਸੇ ਵੀ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।