- ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ
ਚੰਡੀਗੜ੍ਹ, 9 ਅਕਤੂਬਰ: ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਅੱਜ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਦੇ 47ਵੇਂ ਸਥਾਪਨਾ ਦਿਵਸ ਮੌਕੇ ਅਦਾਰੇ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਮੰਤਰੀ ਸ੍ਰੀ ਭਗਤ ਨੇ ਪੈਸਕੋ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਧੀਨ 6000 ਤੋਂ ਵੱਧ ਸਾਬਕਾ ਸੈਨਿਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸ਼ਾਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਭਲਾਈ ਤੇ ਪੁਨਰਵਾਸ ਨੀਤੀਆਂ ਅਨੁਸਾਰ ਪੈਸਕੋ ਵੱਲੋਂ ਕੀਤਾ ਗਿਆ ਇਹ ਇੱਕ ਮਹੱਤਵਪੂਰਣ ਉਪਰਾਲਾ ਹੈ ਜਿਸ ਦਾ ਮਕਸਦ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਮਾਜਿਕ ਤੇ ਆਰਥਿਕ ਤਰੱਕੀ ਨੂੰ ਯਕੀਨੀ ਬਣਾਉਣਾ ਹੈ।
ਮੰਤਰੀ ਸ੍ਰੀ ਭਗਤ ਨੇ ਪੈਸਕੋ ਵੱਲੋਂ ਰਾਜ ਦੀਆਂ ਅਹਿਮ ਸੰਪਤੀਆਂ ਦੀ ਸੁਰੱਖਿਆ ਕਰਨ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਸਾਬਕਾ ਸੈਨਿਕਾਂ ਨੂੰ “ਇਮਾਨਦਾਰੀ, ਨਿਸ਼ਠਾ ਅਤੇ ਮਿਹਨਤ ਦੇ ਪ੍ਰਤੀਕ” ਵਜੋਂ ਵਰਣਨ ਕੀਤਾ।
ਮੰਤਰੀ ਸ਼੍ਰੀ ਮੋਹਿੰਦਰ ਭਗਤ ਨੇ ਪੈਸਕੋ ਦੇ ਨਿਰੰਤਰ ਵਿਕਾਸ ਅਤੇ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟਾਈਆਂ ਅਤੇ ਵਿਸ਼ਵਾਸ ਜਤਾਇਆ ਕਿ ਪੈਸਕੋ ਪੰਜਾਬ ਅਤੇ ਇਸ ਦੇ ਲੋਕਾਂ ਦੀ ਸੇਵਾ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖੇਗਾ।