ਜਗਰਾਓਂ, 9 ਅਕਤੂਬਰ, ਦੇਸ਼ ਕਲਿਕ ਬਿਊਰੋ :
ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੌਨਾ ਵਿਖੇ ਕੀਤਾ ਗਿਆ।ਉਨ੍ਹਾਂ ਦੇ ਪੁੱਤਰ ਦਿਲਾਵਰ ਨੇ ਚਿਤਾ ਨੂੰ ਅਗਨੀ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਗੁਰਦੁਆਰੇ ਲਿਜਾਇਆ ਗਿਆ ਹੈ। ਉਨ੍ਹਾਂ ਦੇ ਘਰ ਤੋਂ ਲਗਭਗ 30 ਮੀਟਰ ਦੀ ਦੂਰੀ ‘ਤੇ ਸਰਕਾਰੀ ਸਕੂਲ ਦੇ ਨਾਲ ਲੱਗਦੇ ਮੈਦਾਨ ਵਿੱਚ ਸਸਕਾਰ ਕੀਤਾ ਗਿਆ ਹੈ।
ਇੱਥੇ ਇੱਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ। ਇਹ ਉਹ ਥਾਂ ਹੈ ਜਿੱਥੇ ਰਾਜਵੀਰ (Rajveer Jawanda) ਨੇ ਪਹਿਲੀ ਵਾਰ ਸਟੇਜ ‘ਤੇ ਗਾਇਆ ਸੀ। ਇਸ ਦੌਰਾਨ, ਜਵੰਦਾ ਦੀ ਹਾਦਸੇ ਤੋਂ ਬਾਅਦ ਪਹਿਲੀ ਫੋਟੋ ਸਾਹਮਣੇ ਆਈ। ਉਨ੍ਹਾਂ ਦੇ ਲਾਲ ਪੱਗ ਬੰਨ੍ਹੀ ਹੋਈ ਸੀ।
ਮੁੱਖ ਮੰਤਰੀ ਭਗਵੰਤ ਮਾਨ ਵੀ ਜਵੰਦਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਿੰਡ ਪਹੁੰਚੇ। ਉਨ੍ਹਾਂ ਨੇ ਰਿਸ਼ਤੇਦਾਰਾਂ ਅਤੇ ਪੰਜਾਬੀ ਸੰਗੀਤ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ ਉਨ੍ਹਾਂ ਦੇ ਜੱਦੀ ਘਰ ਵਿੱਚ ਅੰਤਿਮ ਸ਼ਰਧਾਂਜਲੀ ਦਿੱਤੀ।ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਲਈ ਗਾਇਕ ਬੱਬੂ ਮਾਨ, ਕੰਵਰ ਗਰੇਵਾਲ, ਮਨਕੀਰਤ ਔਲਖ, ਕੁਲਵਿੰਦਰ ਬਿੱਲਾ, ਸਤਿੰਦਰ ਸਰਤਾਜ, ਰਣਜੀਤ ਬਾਵਾ, ਜਸਵੀਰ ਜੱਸੀ, ਰੇਸ਼ਮ ਅਨਮੋਲ, ਕਰਮਜੀਤ ਅਨਮੋਲ ਸਮੇਤ ਕਈ ਪੰਜਾਬੀ ਗਾਇਕ ਪਹੁੰਚੇ। ਗਾਇਕ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਿੰਡ ਵਿੱਚ ਪ੍ਰਸ਼ੰਸਕਾਂ ਦੀ ਭੀੜ ਪਹੁੰਚੀ ਹੋਈ ਹੈ।