ਨਵੀਂ ਦਿੱਲੀ, 9 ਅਕਤੂਬਰ: ਦੇਸ਼ ਕਲਿੱਕ ਬਿਓਰੋ :
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਭਾਰਤੀ ਕ੍ਰਿਕਟਰ ਰਿੰਕੂ ਸਿੰਘ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੇ ਅਨੁਸਾਰ, ਰਿੰਕੂ ਸਿੰਘ ਨੂੰ ਮੋਸਟ ਵਾਂਟੇਡ ਦਾਊਦ ਇਬਰਾਹਿਮ ਦੇ ਗਿਰੋਹ, ਜਿਸਨੂੰ ‘ਡੀ ਕੰਪਨੀ’ ਵਜੋਂ ਜਾਣਿਆ ਜਾਂਦਾ ਹੈ ਨੇ ਧਮਕੀ ਦਿੱਤੀ ਸੀ।
ਦੱਸ ਦਈਏ ਕਿ ਇਹ ਧਮਕੀ ਭਰੇ ਸੁਨੇਹੇ ਸਿੱਧੇ ਰਿੰਕੂ ਸਿੰਘ ਨੂੰ ਨਹੀਂ, ਸਗੋਂ ਉਸਦੀ ਪ੍ਰਮੋਸ਼ਨਲ ਟੀਮ ਨੂੰ ਭੇਜੇ ਗਏ ਸਨ। ਫਰਵਰੀ ਅਤੇ ਅਪ੍ਰੈਲ 2025 ਦੇ ਵਿਚਕਾਰ ਰਿੰਕੂ ਸਿੰਘ ਦੀ ਪ੍ਰਮੋਸ਼ਨਲ ਟੀਮ ਨੂੰ ਤਿੰਨ ਵੱਖ-ਵੱਖ ਧਮਕੀ ਭਰੇ ਸੁਨੇਹੇ ਭੇਜੇ ਗਏ ਸਨ। ਜਿਸ ਵਿੱਚ ਭਾਰੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਧਮਕੀ ਵਿੱਚ 5 ਕਰੋੜ ਰੁਪਏ (1.5 ਮਿਲੀਅਨ ਅਮਰੀਕੀ ਡਾਲਰ) ਦੀ ਫਿਰੌਤੀ ਦੀ ਮੰਗ ਸ਼ਾਮਲ ਸੀ।
ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਇਹ ਮਾਮਲਾ ਇੱਕ ਵੱਡੇ ਰੈਕੇਟ ਨਾਲ ਜੁੜਿਆ ਹੋਇਆ ਹੈ, ਕਿਉਂਕਿ ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਨੂੰ ਵੀ ਧਮਕੀਆਂ ਮਿਲੀਆਂ ਸਨ। ਬਾਬਾ ਸਿੱਦੀਕੀ ਦੀ ਮੌਤ ਤੋਂ ਬਾਅਦ, ਜ਼ੀਸ਼ਾਨ ਸਿੱਦੀਕੀ ਤੋਂ 10 ਕਰੋੜ ਰੁਪਏ (1.5 ਮਿਲੀਅਨ ਅਮਰੀਕੀ ਡਾਲਰ) ਦੀ ਫਿਰੌਤੀ ਮੰਗੀ ਗਈ ਸੀ। ਉਸਨੂੰ ਇਹ ਧਮਕੀਆਂ 19-21 ਅਪ੍ਰੈਲ ਨੂੰ ਮਿਲੀਆਂ ਸਨ।
ਇੰਟਰਪੋਲ ਦੀ ਮਦਦ ਨਾਲ, ਇਸ ਮਾਮਲੇ ਦੇ ਸਬੰਧ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਮੁਹੰਮਦ ਦਿਲਸ਼ਾਦ ਅਤੇ ਮੁਹੰਮਦ ਨਵੀਦ ਹਨ। ਦੋਵੇਂ ‘ਡੀ ਕੰਪਨੀ’ ਦੇ ਮੈਂਬਰ ਦੱਸੇ ਜਾਂਦੇ ਹਨ। ਇਸ ਘਟਨਾ ਤੋਂ ਬਾਅਦ, ਇਹ ਗੱਲ ਸਾਹਮਣੇ ਆਈ ਹੈ ਕਿ ਰਿੰਕੂ ਨੂੰ ਵੀ ਧਮਕੀ ਦਿੱਤੀ ਗਈ ਸੀ।