ਜਲੰਧਰ, 10 ਅਕਤੂਬਰ: ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ। ਵਰਿੰਦਰ ਘੁੰਮਣ ਦਾ ਅੰਤਿਮ ਸਸਕਾਰ ਜਲੰਧਰ ਦੇ ਮਾਡਲ ਟਾਊਨ ਵਿਖੇ ਸ਼ਮਸ਼ਾਨ ਘਾਟ ‘ਚ ਕੀਤਾ ਗਿਆ। ਵਰਿੰਦਰ ਘੁੰਮਣ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਹੋਏ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਮੌਕੇ ਹਰ ਅੱਖ ਨਮ ਸੀ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸਿਆਸੀ ਹਸਤੀਆਂ ਸਮੇਤ ਕਈ ਆਗੂ ਮੌਜੂਦ ਰਹੇ।
ਦੱਸ ਦੇਈਏ ਕਿ ਜਲੰਧਰ ਦੇ ਬਸਤੀ ਸ਼ੇਖ ਦੇ ਘਈ ਨਗਰ ਦੇ ਰਹਿਣ ਵਾਲੇ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਬੀਤੇ ਦਿਨ ਇਕ ਆਪ੍ਰੇਸ਼ਨ ਦੌਰਾਨ ਦੋ ਵਾਰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਸਮਰਥਕਾਂ ਨੇ ਡਾਕਟਰਾਂ ’ਤੇ ਗਲਤ ਢੰਗ ਨਾਲ ਆਪ੍ਰੇਸ਼ਨ ਕਰਨ ਦਾ ਦੋਸ਼ ਲਾਉਂਦੇ ਹੋਏ ਹਸਪਤਾਲ ਵਿਚ ਹੰਗਾਮਾ ਕੀਤਾ। ਦਰਅਸਲ, ਵਰਿੰਦਰ ਆਪਣੇ ਬਾਈਸੈਪਸ ਦੀ ਇਕ ਛੋਟੀ ਜਿਹੀ ਸਰਜਰੀ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਸੀ। ਦੱਸਿਆ ਜਾ ਰਿਹਾ ਹੈ ਕਿ ਸਰਜਰੀ ਦੌਰਾਨ ਉਸ ਨੂੰ ਦੋ ਦਿਲ ਦੇ ਦੌਰੇ ਪਏ ਅਤੇ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਘੁੰਮਣ ਲਗਭਗ 43 ਸਾਲ ਦੇ ਸਨ। ਉਨ੍ਹਾਂ ਦਾ ਜਨਮ 28 ਦਸੰਬਰ, 1982 ਨੂੰ ਤਲਵੰਡੀ, ਗੁਰਦਾਸਪੁਰ ਵਿੱਚ ਹੋਇਆ ਸੀ। ਉਹ 2000 ਸਨ ‘ਚ ਜਲੰਧਰ ਆ ਗਏ ਸਨ। ਫਿਰ ਉਨ੍ਹਾਂ ਨੇ ਲਾਇਲਪੁਰ ਖਾਲਸਾ ਕਾਲਜ ਵਿੱਚ ਐਮਬੀਏ ਦੀ ਪੜ੍ਹਾਈ ਕੀਤੀ। ਉਹ ਇੱਕ ਪੇਸ਼ੇਵਰ ਬਾਡੀ ਬਿਲਡਰ ਅਤੇ ਅਦਾਕਾਰ ਸਨ। ਬਾਲੀਵੁੱਡ ਤੇ ਪੰਜਾਬੀ ਸਿਨੇਮਾ ਦੇ ਇਕ ਜਾਣੇ-ਪਛਾਣੇ ਅਦਾਕਾਰ ਸਨ। ਘੁੰਮਣ ਨੇ ਟਾਈਗਰ 3 ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਕੰਮ ਕੀਤਾ ਅਤੇ ਮਿਸਟਰ ਇੰਡੀਆ ਵਿੱਚ ਵੀ ਅਭਿਨੈ ਕੀਤਾ ਸੀ।
ਵਰਿੰਦਰ ਘੁੰਮਣ ਦੀ ਮਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਭਰਾ ਦੀ ਮੌਤ ਮਾਰਚ 2010 ਵਿੱਚ ਹੋਈ। ਪਰਿਵਾਰ ਵਿੱਚ ਉਨ੍ਹਾਂ ਦੀ ਦਾਦੀ, ਪਿਤਾ, ਪਤਨੀ ਅਤੇ ਤਿੰਨ ਬੱਚੇ ਹਨ। ਧੀ ਸਭ ਤੋਂ ਵੱਡੀ ਹੈ, ਜਦੋਂ ਕਿ ਪੁੱਤ ਛੋਟੇ ਹਨ।