- 2024 ਵਿੱਚ ਪਦ ਉਨਤ ਹੋਏ ਅਧਿਆਪਕਾਂ ਸਮੇਤ ਤਿਕੋਣੀ ਬਦਲੀ ਦੇ ਇੱਛਕ ਅਧਿਆਪਕਾਂ ਨੂੰ ਵੀ ਮਿਲੇ ਬਦਲੀ ਦਾ ਵਿਸ਼ੇਸ਼ ਮੌਕਾ : ਚਾਹਲ, ਸਸਕੌਰ
ਸ੍ਰੀ ਚਮਕੌਰ ਸਾਹਿਬ / ਮੋਰਿੰਡਾ 11 ਅਕਤੂਬਰ , (ਭਟੋਆ)
ਗੌਰਮਿੰਟ ਟੀਚਰਜ਼ ਯੂਨੀਅਨ ਨੇ ਅਧਿਆਪਕਾਂ ਨੂੰ ਬਦਲੀਆਂ ਦਾ ਇੱਕ ਹੋਰ ਮੌਕਾ ਦੇਣ ਲਈ ਬਦਲੀਆਂ ਦਾ ਦੂਜਾ ਗੇੜ ਚਲਾਉਣ ਦੀ ਮੰਗ ਕੀਤੀ ਹੈ । ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਵੱਲੋਂ ਜਾਰੀ ਬਿਆਨ ਰਾਹੀਂ ਕਿਹਾ ਹੈ ਕਿ ਬਦਲੀਆਂ ਦੇ ਪਹਿਲੇ ਗੇੜ ਵਿੱਚ ਬਹੁਤ ਸਾਰੇ ਅਧਿਆਪਕ ਬਦਲੀ ਤੋਂ ਵਾਂਝੇ ਰਹਿ ਗਏ ਹਨ ਅਤੇ ਜਿਹੜੇ ਸਟੇਸ਼ਨਾਂ ਤੇ ਉਹ ਜਾਣਾ ਚਾਹੁੰਦੇ ਸਨ, ਉਹ ਸਟੇਸ਼ਨ ਵੀ ਖਾਲੀ ਪਏ ਹਨ । ਇਸ ਕਰਕੇ ਇਹਨਾਂ ਲੋੜਵੰਦ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਜਰੂਰ ਮਿਲਣਾ ਚਾਹੀਦਾ ਹੈ ।
ਇਸ ਦੇ ਨਾਲ ਹੀ ਅਧਿਆਪਕਾਂ ਆਗੂਆਂ ਨੇ ਮੰਗ ਕੀਤੀ ਕਿ 2024 ਵਿੱਚ ਪਦਉਨਤ ਹੋਏ ਅਧਿਆਪਕ ਜਿਹਨਾਂ ਵਿੱਚ ਪ੍ਰਾਇਮਰੀ ਤੋਂ ਮਾਸਟਰ ਕਾਡਰ ਅਤੇ ਮਾਸਟਰ ਕਾਡਰ ਤੋਂ ਲੈਕਚਰਾਰ ਸ਼ਾਮਿਲ ਹਨ ਨੂੰ ਵੀ ਬਦਲੀ ਦਾ ਵਿਸ਼ੇਸ਼ ਮੌਕਾ ਦੇ ਕੇ ਇਨਸਾਫ ਦੇਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੀਆਂ ਪਦਉਨਤੀਆਂ ਵੇਲੇ ਵਿਭਾਗ ਵੱਲੋਂ ਸਾਰੇ ਖਾਲੀ ਸਟੇਸ਼ਨ ਪ੍ਰਦਰਸ਼ਿਤ ਨਹੀਂ ਕੀਤੇ ਗਏ ਸਨ । ਸੋ ਅਜਿਹੇ ਸੀਨੀਅਰ ਅਧਿਆਪਕ ਦੂਰ ਦੁਰਾਡੇ ਸਕੂਲਾਂ ਵਿੱਚ ਨੌਕਰੀ ਕਰਨ ਲਈ ਮਜਬੂਰ ਹਨ । ਇਸ ਦੇ ਨਾਲ ਹੀ ਉਨ੍ਹਾਂ ਤਿਕੋਣੀ ਬਦਲੀ ਦੇ ਇੱਛਕ ਅਧਿਆਪਕਾਂ ਨੂੰ ਵੀ ਬਦਲੀ ਦਾ ਵਿਸ਼ੇਸ਼ ਮੌਕਾ ਦੇਣ ਦੀ ਮੰਗ ਕੀਤੀ ਹੈ । ਉਨ੍ਹਾਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਉਹ ਨਿੱਜੀ ਪਹਿਲ ਕਦਮੀ ਦੇ ਨਾਲ ਅਧਿਆਪਕਾਂ ਨੂੰ ਬਦਲੀ ਦਾ ਇੱਕ ਹੋਰ ਗੇੜ ਚਲਾ ਕੇ ਬਦਲੀ ਦਾ ਮੌਕਾ ਦੇਣ ।
ਇਸ ਮੌਕੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਹੀਰਾ ,ਕੁਲਬੀਰ ਸਿੰਘ ਕੰਧੋਲਾ, ਅਵਨੀਤ ਚੱਢਾ, ਗੁਰਚਰਨ ਆਲੋਵਾਲ, ਅਵਤਾਰ ਸਿੰਘ ਜਵੰਧਾ ,ਕੁਲਦੀਪ ਸਿੰਘ ਗਿੱਲ , ਸਿਮਰਨਜੀਤ ਸਿੰਘ ਰੱਕੜ ,ਗੁਰਦੀਪ ਸਿੰਘ ਖਾਬੜਾ ,ਜਗਦੀਪ ਸਿੰਘ ਝੱਲੀਆਂ, ਮਹਿੰਦਰ ਪਾਲ ਸਿੰਘ ਖੇੜੀ, ਕਮਲ ਸਹਿਗਲ, ਹਰਮੇਸ਼ ਸੈਣੀ, ਗੁਰਪ੍ਰੀਤ ਸਿੰਘ ਹੈਪੀ ਗਿੱਲ ,ਦਵਿੰਦਰ ਸਿੰਘ ਸਮਾਣਾ, ਇਕਬਾਲ ਸਿੰਘ ਹਫਿਜਾਬਾਦ ,ਰੂਪ ਚੰਦ ਸਲੌਰਾ ,ਦਵਿੰਦਰ ਸਿੰਘ ਚਨੌਲੀ, ਸੁਰਿੰਦਰ ਸਿੰਘ ਚੱਕ ਢੇਰਾਂ ,ਇੰਦਰਜੀਤ ਸਿੰਘ ਥਲੀ, ਵਿਕਾਸ ਸੋਨੀ, ਸੰਜੀਵ ਕੁਮਾਰ ਮੋਠਾਪੁਰ ,ਅਸ਼ੋਕ ਕੁਮਾਰ ਨੂਰਪੁਰ ਬੇਦੀ ,ਅੰਮ੍ਰਿਤ ਸੈਣੀ ਨੰਗਲ ਆਦਿ ਵੀ ਹਾਜ਼ਰ ਸਨ।