- ਮੁੱਖ ਮੰਤਰੀ ਨੇ ਇਨ੍ਹਾਂ ਮੁਲਕਾਂ ਦੇ ਉੱਘੇ ਪਰਵਾਸੀ ਭਾਰਤੀਆਂ ਨਾਲ ਆਨਲਾਈਨ ਵਿਚਾਰ-ਵਟਾਂਦਰਾ ਕੀਤਾ
- ਹੜ੍ਹ ਪ੍ਰਭਾਵਿਤ ਪੰਜਾਬ ਨੂੰ ਮੁੜ ਲੀਹ ‘ਤੇ ਲਿਆਉਣ ਲਈ ਉਨ੍ਹਾਂ ਤੋਂ ਠੋਸ ਸਹਾਇਤਾ ਅਤੇ ਸਹਿਯੋਗ ਦੀ ਮੰਗ ਕੀਤੀ
- ਇਸ ਮਿਸ਼ਨ ਤਹਿਤ ਇਕੱਠਾ ਕੀਤਾ ਹਰ ਇੱਕ ਪੈਸਾ ਸੂਬੇ ਅਤੇ ਲੋਕਾਂ ਦੀ ਭਲਾਈ ਲਈ ਖਰਚਣ ਦਾ ਦਿੱਤਾ ਭਰੋਸਾ
ਚੰਡੀਗੜ੍ਹ, 12 ਅਕਤੂਬਰ- ਦੇਸ਼ ਕਲਿਕ ਬਿਊਰੋ:
ਹੜ੍ਹ ਪ੍ਰਭਾਵਿਤ ਸੂਬੇ ਦੀ ਮਦਦ ਲਈ ਆਪਣੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਪਰਵਾਸੀ ਭਾਰਤੀਆਂ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀਕਲਾ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਪਰਵਾਸੀ ਭਾਰਤੀਆਂ ਨਾਲ ਇੱਕ ਆਨਲਾਈਨ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦੇਸ਼ ਨਾਲ ਪਰਵਾਸੀ ਭਾਰਤੀਆਂ ਦੇ ਮਜ਼ਬੂਤ ਭਾਵਨਾਤਮਕ ਅਤੇ ਵਿਕਾਸ ਦੇ ਰਿਸ਼ਤੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਬਾਹਰਲੇ ਮੁਲਕਾਂ ਵਿੱਚ ਆਪਣੀ ਪਛਾਣ ਬਣਾਈ ਹੈ ਪਰ ਫਿਰ ਵੀ ਉਹ ਕਦੇ ਆਪਣੀ ਮਾਤ ਭੂਮੀ ਨੂੰ ਨਹੀਂ ਭੁੱਲੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਹਮੇਸ਼ਾ ਆਪਣੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ, ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਇੱਥੋਂ ਤੱਕ ਕਿ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਕਾਇਮ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਐਨ.ਆਰ.ਆਈ. ਟਾਊਨਹਾਲ ਇੱਕ ਆਨਲਾਈਨ ਗੱਲਬਾਤ ਸੈਸ਼ਨ ਹੈ, ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਮਿਸ਼ਨ ਚੜ੍ਹਦੀਕਲਾ ਨਾਲ ਜੋੜਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਪੰਜਾਬ ਦੇ ਰਾਹਤ ਅਤੇ ਮੁੜ ਵਸੇਬਾ ਯਤਨਾਂ ਲਈ ਆਲਮੀ ਸਮਰਥਨ ਇਕੱਠਾ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਰਵਾਸੀ ਭਾਰਤੀ ਸੂਬੇ ਦੇ ਪੁਨਰ ਨਿਰਮਾਣ ਕਾਰਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਪਰਵਾਸੀ ਭਾਰਤੀਆਂ ਨੂੰ ਚੱਲ ਰਹੇ ਰਿਕਵਰੀ ਪ੍ਰਾਜੈਕਟਾਂ ਬਾਰੇ ਦੱਸਿਆ ਅਤੇ ਪਰਵਾਸੀ ਭਾਰਤੀਆਂ ਨੂੰ ਸੀਐਸਆਰ ਰਾਹੀਂ ਰੰਗਲਾ ਪੰਜਾਬ ਫੰਡ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਪਰਵਾਸੀ ਭਾਰਤੀਆਂ ਨੂੰ ਦੱਸਿਆ ਕਿ ਸੂਬੇ ਨੇ ਹਾਲ ਹੀ ਵਿੱਚ ਇੰਨੇ ਭਿਆਨਕ ਹੜ੍ਹ ਦੇਖੇ ਹਨ ਕਿ ਇਹ ਪੀੜ੍ਹੀਆਂ ਤੱਕ ਲੋਕਾਂ ਦੇ ਮਨਾਂ ਵਿੱਚ ਰਹਿਣਗੇ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਸਿਰਫ਼ ਪਾਣੀ ਹੀ ਨਹੀਂ ਲਿਆਂਦਾ, ਸਗੋਂ ਇਹ ਲੱਖਾਂ ਸੁਪਨਿਆਂ ਨੂੰ ਵਹਾ ਕੇ ਲੈ ਗਏ ਅਤੇ ਇਹ ਪੰਜਾਬ ਦੇ ਹਾਲੀਆ ਇਤਿਹਾਸ ਵਿੱਚ ਸਭ ਤੋਂ ਵੱਡੇ ਦੁਖਾਂਤਾਂ ਵਿੱਚੋਂ ਇੱਕ ਹੈ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪੰਜਾਬ ਦਾ ਸਭ ਤੋਂ ਵੱਡਾ ਇਮਤਿਹਾਨ ਵੀ ਹੈ, ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੂਬਾ ਹਮੇਸ਼ਾ ਹਰ ਸੰਕਟ ਵਿੱਚੋਂ ਮਜ਼ਬੂਤੀ ਨਾਲ ਉੱਭਰਦਾ ਆਇਆ ਹੈ।
ਮੁੱਖ ਮੰਤਰੀ ਨੇ ਅਫ਼ਸੋਸ ਜਤਾਇਆ ਕਿ 2,300 ਤੋਂ ਵੱਧ ਪਿੰਡ ਇਨ੍ਹਾਂ ਹੜ੍ਹਾਂ ਦੀ ਮਾਰ ਹੇਠ ਆਏ ਹਨ, 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਪੰਜ ਲੱਖ ਏਕੜ ਫ਼ਸਲੀ ਰਕਬਾ ਤਬਾਹ ਹੋ ਗਿਆ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਇਨ੍ਹਾਂ ਮਾਰੂ ਹੜ੍ਹਾਂ ਕਰਕੇ ਤਕਰੀਬਨ 60 ਲੋਕਾਂ ਦੀ ਜਾਨ ਚਲੀ ਗਈ ਅਤੇ ਲਗਪਗ ਸੱਤ ਲੱਖ ਲੋਕ ਬੇਘਰ ਹੋ ਗਏ। ਇਸ ਤੋਂ ਇਲਾਵਾ 3,200 ਸਰਕਾਰੀ ਸਕੂਲ ਨੁਕਸਾਨੇ ਗਏ ਹਨ, 19 ਕਾਲਜ ਮਲਬੇ ਵਿੱਚ ਬਦਲ ਗਏ, 1,400 ਕਲੀਨਿਕ ਅਤੇ ਹਸਪਤਾਲ ਬਰਬਾਦ ਹੋ ਗਏ, 8,500 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਅਤੇ 2,500 ਪੁਲ ਢਹਿ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਕੁੱਲ ਨੁਕਸਾਨ ਲਗਪਗ 13,800 ਕਰੋੜ ਰੁਪਏ ਹੈ, ਹਾਲਾਂਕਿ ਅਸਲ ਅੰਕੜਾ ਹੋਰ ਵੀ ਵੱਧ ਹੋ ਸਕਦਾ ਹੈ।
ਚੜ੍ਹਦੀਕਲਾ ਮਿਸ਼ਨ ਬਾਰੇ ਪਰਵਾਸੀ ਭਾਰਤੀਆਂ ਨੂੰ ਜਾਣੂ ਕਰਵਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਪਹਿਲ ਹੈ ਜਿਸ ਦਾ ਉਦੇਸ਼ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਭਲਾਈ ਲਈ ਸਹਾਇਤਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕਈ ਸਮਾਜ ਸੇਵੀ ਪਹਿਲਾਂ ਹੀ ਚੜ੍ਹਦੀਕਲਾ ਮਿਸ਼ਨ ਦਾ ਸਮਰਥਨ ਕਰਨ ਲਈ ਅੱਗੇ ਆਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿਸ਼ਨ ਚੜ੍ਹਦੀਕਲਾ ਇੱਕ ਆਲਮੀ ਫੰਡ ਜੁਟਾਉਣ ਦੀ ਮੁਹਿੰਮ ਹੈ ਜੋ ਪੰਜਾਬ ‘ਚ 2025 ਦੇ ਹੜ੍ਹ ਪੀੜਤਾਂ ਲਈ ਸੂਬਾ ਸਰਕਾਰ ਦੇ ਮੁੜ ਵਸੇਬਾ ਯਤਨਾਂ ਲਈ ਫੰਡ ਇਕੱਠਾ ਕਰਨ ਵਾਸਤੇ ਸ਼ੁਰੂ ਕੀਤੀ ਗਈ ਹੈ।
ਇਸ ਪਹਿਲਕਦਮੀ ਦੇ ਪਿੱਛੇ ਦੀ ਭਾਵਨਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਚੜ੍ਹਦੀਕਲਾ ਦੀ ਭਾਵਨਾ ਮੁਸੀਬਤ ਦੇ ਸਮੇਂ ‘ਚ ਵੀ ਬੁਲੰਦ ਹੌਂਸਲੇ ਅਤੇ ਆਸ਼ਾਵਾਦ ਦੀ ਸਦੀਵੀ ਸਿੱਖ ਭਾਵਨਾ ਨੂੰ ਦਰਸਾਉਂਦੀ ਹੈ, ਉਸੇ ਤਰ੍ਹਾਂ ਮਿਸ਼ਨ ਚੜ੍ਹਦੀਕਲਾ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਨੂੰ ਇਸ ਵੱਡ-ਆਕਾਰੀ ਮੁਸੀਬਤ ਦੀ ਘੜੀ ਦੌਰਾਨ ਇੱਕ ਪਰਿਵਾਰ ਵਜੋਂ ਇੱਕਜੁੱਟ ਹੋਣ ਦਾ ਸੱਦਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਦੁਨੀਆ ਭਰ ‘ਚ ਵਸਦੇ ਹੋਰ ਪੰਜਾਬੀ ਵੀ ਆਪਣੇ ਸੁਪਨਿਆਂ ਦੇ ਪੰਜਾਬ ਦੇ ਪੁਨਰ ਨਿਰਮਾਣ ਲਈ ਖੁੱਲ੍ਹ ਕੇ ਯੋਗਦਾਨ ਪਾਉਣਗੇ। ਪਾਰਦਰਸ਼ਤਾ ਅਤੇ ਜਵਾਬਦੇਹੀ ਦਾ ਭਰੋਸਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਇਕੱਠਾ ਕੀਤਾ ਗਿਆ ਹਰ ਪੈਸਾ ਹੜ੍ਹ ਪੀੜਤਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਪੂਰੀ ਸੂਝ-ਬੂਝ ਨਾਲ ਖ਼ਰਚਿਆਂ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਕਰਕੇ ਮਾਝਾ ਇਲਾਕੇ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਅਤੇ ਹੁਣ ਅਸੀਂ ਮੁੜ ਵਸੇਬੇ ਦੀ ਕਾਰਵਾਈ ਸ਼ੁਰੂ ਕਰਨ ਜਾ ਰਹੇ ਹੈ ਅਤੇ ਰੰਗਲਾ ਪੰਜਾਬ ਦੇ ਫੰਡਾਂ ਵਿੱਚੋਂ ਰਾਹਤ ਚੈੱਕਾਂ ਦੀ ਵੰਡ ਕੱਲ੍ਹ(ਸੋਮਵਾਰ) ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਖਾਸ ਤੌਰ ‘ਤੇ ਨੌਜਵਾਨਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਧਾਰਮਿਕ ਸੰਗਠਨਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਆਪਣੇ ਸਾਥੀ ਪੰਜਾਬੀਆਂ ਦੀ ਮਦਦ ਲਈ ਯੋਗਦਾਨ ਪਾਇਆ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਗੰਭੀਰ ਸੰਕਟ ਦੀ ਇਸ ਘੜੀ ਵਿੱਚ ਵੀ ਕੁਝ ਰਾਜਨੀਤਿਕ ਪਾਰਟੀਆਂ ਬਿਨਾਂ ਕਿਸੇ ਸ਼ਰਮ-ਲਿਹਾਜ ਦੇ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾ ਠਹਿਰਾਉਣ ‘ਤੇ ਤੁਲੀਆਂ ਹੋਈਆਂ ਹਨ, ਜਦੋਂ ਕਿ ਮੈਕਸੀਕੋ ਅਤੇ ਦੁਨੀਆ ਦੇ ਹੋਰ ਹਿੱਸੇ ਆਲਮੀ ਤਪਸ਼ ਕਾਰਨ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਉਨ੍ਹਾਂ ਨੂੰ ਸਿਰਫ਼ ਆਪਣੇ ਨਿੱਜੀ ਸਿਆਸੀ ਹਿੱਤਾਂ ਖ਼ਾਤਰ ਨਿਸ਼ਾਨਾ ਬਣਾਉਣ ‘ਚ ਰੁੱਝੀਆਂ ਹੋਈਆਂ ਹਨ, ਜੋ ਪੂਰੀ ਤਰ੍ਹਾਂ ਗੈਰ-ਵਾਜਬ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਹ ਰਾਹਤ ਕਤਾਰ ਵਿੱਚ ਖੜ੍ਹੇ ਹਰ ਆਖਰੀ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਕਿਉਂਕਿ ਪਰਵਾਸੀ ਭਾਰਤੀ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਨਹੀਂ ਪਾ ਸਕਦੇ, ਇਸ ਲਈ ਸੂਬਾ ਸਰਕਾਰ ਨੇ ਉਨ੍ਹਾਂ ਵਾਸਤੇ ਰੰਗਲਾ ਪੰਜਾਬ ਨਾਮ ਹੇਠ ਨਵਾਂ ਖਾਤਾ ਖੋਲ੍ਹਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਵੀ ਨਵੇਂ ਫੰਡ ਵਿੱਚ ਆਪਣੇ ਐਮਪੀਐਲਏਡੀ ਫੰਡ ਵਿੱਚੋਂ 20 ਲੱਖ ਤੋਂ ਵੱਧ ਦਾ ਯੋਗਦਾਨ ਪਾਇਆ ਹੈ ਅਤੇ ਕੁਝ ਆਗੂਆਂ ਨੇ ਆਪਣੇ ਨਿੱਜੀ ਹਿੱਤਾਂ ਕਰਕੇ ਇਸ ਫੰਡ ਦਾ ਵਿਰੋਧ ਵੀ ਕੀਤਾ ਹੈ।
ਇਸ ਦੌਰਾਨ ਬ੍ਰਿਸਬੇਨ, ਮੈਲਬੌਰਨ, ਐਡੀਲੇਡ, ਸਿਡਨੀ, ਪਰਥ ਅਤੇ ਆਕਲੈਂਡ ਤੋਂ ਮੁੱਖ ਮੰਤਰੀ ਨਾਲ ਜੁੜੇ ਪਰਵਾਸੀ ਭਾਈਚਾਰੇ ਨੇ ਇਸ ਨੇਕ ਕਾਰਜ ਲਈ ਸੂਬਾ ਸਰਕਾਰ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਆਗੂਆਂ, ਉੱਦਮੀਆਂ, ਪੇਸ਼ੇਵਰਾਂ, ਕਾਰੋਬਾਰੀ ਮਾਲਕਾਂ, ਪੰਜਾਬੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਹੋਰਾਂ ਸਮੇਤ ਪਰਵਾਸੀ ਭਾਰਤੀ ਭਾਈਚਾਰੇ ਨੇ ਭਗਵੰਤ ਸਿੰਘ ਮਾਨ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਿਸ਼ਨ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣਗੇ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪੰਜਾਬ ਵਿੱਚ ਜ਼ਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਠੋਸ ਯਤਨ ਕਰਨ ਵਾਸਤੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਅਤੇ ਹੋਰ ਮੌਜੂਦ ਸਨ।