ਗੁਜਰਾਤ, 16 ਅਕਤੂਬਰ: ਦੇਸ਼ ਕਲਿਕ ਬਿਊਰੋ :
ਮੁੱਖ ਮੰਤਰੀ ਨੂੰ ਛੱਡ ਕੇ ਗੁਜਰਾਤ ਸਰਕਾਰ ਦੇ ਸਾਰੇ 16 ਮੰਤਰੀਆਂ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਮੁੱਖ ਮੰਤਰੀ ਭੂਪੇਂਦਰ ਪਟੇਲ ਜਲਦੀ ਹੀ ਰਾਜਪਾਲ ਨੂੰ ਆਪਣੇ ਮੰਤਰੀਆਂ ਦੇ ਅਸਤੀਫ਼ੇ ਸੌਂਪਣਗੇ। ਨਵੀਂ ਕੈਬਨਿਟ ਲਈ ਸਹੁੰ ਚੁੱਕ ਸਮਾਗਮ ਕੱਲ੍ਹ ਸਵੇਰੇ 11:30 ਵਜੇ ਗਾਂਧੀਨਗਰ ਵਿੱਚ ਹੋਵੇਗਾ।
ਨਵੀਂ ਕੈਬਨਿਟ ਵਿੱਚ ਦੋ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਜਾ ਸਕਦੇ ਹਨ। ਕੈਬਨਿਟ ਵਿੱਚ ਨਵੇਂ ਚਿਹਰੇ ਸ਼ਾਮਲ ਹੋਣ ਦੀ ਉਮੀਦ ਹੈ। ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਵਿਧਾਇਕ ਵੀ ਮੰਤਰੀ ਬਣ ਸਕਦੇ ਹਨ। ਮੌਜੂਦਾ ਗੁਜਰਾਤ ਕੈਬਨਿਟ ਵਿੱਚ ਮੁੱਖ ਮੰਤਰੀ ਪਟੇਲ ਸਮੇਤ 17 ਮੰਤਰੀ ਸਨ, ਜਿਨ੍ਹਾਂ ਵਿੱਚੋਂ ਅੱਠ ਕੈਬਨਿਟ-ਦਰਜੇ ਦੇ ਮੰਤਰੀ ਹਨ ਅਤੇ ਇੰਨੀ ਹੀ ਗਿਣਤੀ ਵਿੱਚ ਰਾਜ ਮੰਤਰੀ (MoS) ਹਨ।
ਗੁਜਰਾਤ ਵਿਧਾਨ ਸਭਾ ਵਿੱਚ 182 ਵਿਧਾਇਕ ਹਨ। ਜਿਸ ਕਾਰਨ ਗੁਜਰਾਤ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ 27 ਮੰਤਰੀ ਹੋ ਸਕਦੇ ਹਨ। ਕੈਬਨਿਟ ਅਹੁਦਿਆਂ ਲਈ ਯੋਗ ਵਿਧਾਇਕਾਂ ਨੂੰ ਫ਼ੋਨ ਰਾਹੀਂ ਸੂਚਿਤ ਕੀਤਾ ਗਿਆ ਹੈ। ਸਹੁੰ ਚੁੱਕ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਮੌਜੂਦ ਰਹਿਣਗੇ।