ਸੈਕਟਰ 76–80 ਦੇ ਪਲਾਟ ਹੋਲਡਰਾਂ ਨੂੰ ਵੱਡੀ ਰਾਹਤ, ਗਮਾਡਾ ਨੇ 839 ਰੁਪਏ ਪ੍ਰਤੀ ਮੀਟਰ ਘਟਾਈ ਐਨਹਾਂਸਮੈਂਟ

ਟ੍ਰਾਈਸਿਟੀ

ਮੋਹਾਲੀ: 16 ਅਕਤੂਬਰ, ਦੇਸ਼ ਕਲਿੱਕ ਬਿਓਰੋ
ਗਮਾਡਾ ਵੱਲੋਂ ਸੈਕਟਰ 76 ਤੋਂ 80 ਦੇ ਪਲਾਟ ਹੋਲਡਰਾਂ ਨੂੰ ਭਾਰੀ ਰਾਹਤ ਦਿੰਦੇ ਹੋਏ ਪਲਾਟਾਂ ਦੀ ਕੀਮਤ ਵਿੱਚ ਕੀਤੇ ਜਾਣ ਵਾਲੇ ਵਾਧੇ ਦੀ ਰਕਮ ਨੂੰ 3164 ਰੁਪਏ ਪ੍ਰਤੀ ਵਰਗ ਮੀਟਰ ਤੋਂ ਘਟਾ ਕੇ 2325 ਰੁਪਏ ਕਰ ਦਿੱਤਾ ਹੈ। ਜਿਸ ਨਾਲ ਪਲਾਟ ਹੋਲਡਰਾਂ ਨੂੰ ਪ੍ਰਤੀ ਵਰਗ ਮੀਟਰ 839 ਰੁਪਏ ਦੀ ਰਾਹਤ ਮਿਲੀ ਹੈ। ਇਸ ਰਾਹਤ ਦਾ ਫ਼ਾਇਦਾ ਲਗਭੱਗ 10 ਹਜ਼ਾਰ ਪਲਾਟ ਹੋਲਡਰਾਂ ਨੂੰ ਹੋਵੇਗਾ। ਪਲਾਟ ਹੋਲਡਰਾਂ ਨੂੰ ਇਹ ਰਾਹਤ ਦੇਣ ਲਈ ਹਲਕੇ ਦੇ ਵਿਧਾਮਮਇਕ ਸ. ਕੁਲਵੰਤ ਸਿੰਘ ਪਿਛਲੇ ਲਗਭੱਗ 4 ਸਾਲਾਂ ਤੋਂ ਹਰ ਕੋਸ਼ਿਸ਼ ਕਰ ਰਹੇ ਹਨ। ਇਸ ਰਾਹਤ ਦੇ ਮਿਲਣ ਕਾਰਨ ਐਂਟੀ ਐਨਹਾਂਸਮੈਂਟ ਕਮੇਟੀ ਦੇ ਅਹੁਦੇਦਾਰਾਂ ਅਤੇ ਸੈਕਟਰਾਂ ਦੇ ਨਿਵਾਸੀਆਂ ਵੱਲੋਂ ਹਲਕਾ ਵਿਧਾਇਕ ਦਾ ਧੰਨਵਾਦ ਕਰਨ ਲਈ ਉਨ੍ਹਾਂ ਨਾਲ ਅੱਜ ਮੁਲਾਕਾਤ ਕੀਤੀ ਅਤੇ ਉਸ ਉਪਰੰਤ ਇੱਕ ਪ੍ਰੈੱਸ ਕਾਨਫ੍ਰੰਸ ਵੀ ਕੀਤੀ। ਜਿਸ ਵਿੱਚ ਬੋਲਦੇ ਹੋਏ ਵਿਧਾਇਕ ਵੱਲੋਂ ਕਿਹਾ ਗਿਆ ਕਿ 2013 ਵਿੱਚ ਪਲਾਟਾਂ ਦੀ ਕੀਮਤ ਵਿੱਚ ਵਾਧੇ ਦੀ ਰਕਮ 700 ਤੋਂ 850 ਰੁਪਏ ਪ੍ਰਤੀ ਵਰਗ ਮੀਟਰ ਦੇ ਵਿਚਕਾਰ ਸੀ, ਪ੍ਰੰਤੂ ਪਿਛਲੀਆਂ ਸਰਕਾਰਾਂ ਵੱਲੋਂ ਇਸ ਮਾਮਲੇ ਨੂੰ ਬਿਨ੍ਹਾਂ ਵਜ੍ਹਾ ਅਤੇ ਆਪਣੇ ਸਿਆਸੀ ਹਿੱਤਾਂ ਲਈ ਅੱਗੇ ਤੋਂ ਅੱਗੇ ਟਾਲਦੇ ਰਹੇ ਅਤੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ। ਜਿਸ ਕਾਰਨ ਇਹ ਰਕਮ ਵਧ ਕੇ 3164 ਰੁਪਏ ਪ੍ਰਤੀ ਵਰਗ ਮੀਟਰ ਹੋ ਗਈ ਸੀ ਅਤੇ ਇਸ ਸਬੰਧੀ ਗਮਾਡਾ ਵੱਲੋਂ ਪਲਾਟ ਹੋਲਡਰਾਂ ਨੂੰ ਡਿਮਾਂਡ ਨੋਟਿਸ ਜ਼ਾਰੀ ਕਰਨ ਕਾਰਨ ਪਲਾਟ ਹੋਲਡਰਾਂ ਵਿੱਚ ਭਾਰੀ ਰੋਸ ਪਾਇਆ ਗਿਆ। ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਜੇਕਰ ਗਮਾਡਾ ਵੱਲੋਂ ਵਾਧੇ ਦੀ ਰਕਮ ਵਸੂਲੀ ਜਾਣੀ ਸੀ ਤਾਂ ਇਹ ਪਹਿਲਾਂ ਕਿਉਂ ਨਹੀਂ ਵਸੂਲੀ ਗਈ। ਆਪਣੀ ਇਸ ਮੁਸ਼ਕਲ ਦੇ ਹੱਲ ਲਈ ਸਬੰਧਤ ਪਲਾਟ ਹੋਲਡਰਾਂ ਵੱਲੋਂ ਇੱਕ ਐਂਟੀ ਅਨਹਾਂਸਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵੱਲੋਂ ਹਲਕੇ ਦੇ ਵਿਧਾਇਕ ਸ. ਕੁਲਵੰਤ ਸਿੰਘ ਕੋਲ ਇਸ ਸਮੱਸਿਆ ਦੇ ਹੱਲ ਲਈ ਗੁਹਾਰ ਲਗਾਈ ਗਈ ਜਿਸ ਤੇ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਨੂੰ ਸਮੇਂ ਸਮੇਂ ਤੇ ਭਰੋਸਾ ਦਵਾਇਆ ਗਿਆ ਕਿ ਕਿਉਂ ਜੋ ਗਮਾਡਾ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਜ਼ਮੀਨ ਦੇ ਮਾਲਕਾਂ ਨੂੰ ਵਧੀ ਹੋਈ ਰਕਮ ਅਦਾ ਕੀਤੀ ਜਾਣੀ ਹੈ। ਇਸ ਲਈ ਸਾਰੀ ਰਕਮ ਤਾਂ ਮੁਆਫ਼ ਨਹੀਂ ਹੋ ਸਕਦੀ ਪਰ ਉਹ ਇਸ ਨੂੰ ਕੁੱਝ ਹੱਦ ਤੱਕ ਘੱਟ ਜ਼ਰੂਰ ਕਰਵਾ ਦੇਣਗੇ। ਇਸ ਉਪਰੰਤ ਹਲਕਾ ਵਿਧਾਇਕ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਨਤੀਜ਼ਾ ਅੱਜ ਲੋਕਾਂ ਦੇ ਸਾਹਮਣੇ ਹੈ। ਗਮਾਡਾ ਦੇ ਸੂਤਰਾਂ ਅਨੁਸਾਰ ਜੇਕਰ ਕਿਸੇ ਅਲਾਟੀ ਵੱਲੋਂ ਵਾਧੇ ਦੀ ਰਕਮ ਪਹਿਲਾਂ ਹੀ ਜ਼ਿਆਦਾ ਅਦਾ ਕਰ ਦਿੱਤੀ ਗਈ ਹੈ ਤਾਂ ਵਾਧੂ ਅਦਾ ਕੀਤੀ ਹੋਈ ਕੀਮਤ ਉਨ੍ਹਾਂ ਨੂੰ ਗਮਾਡਾ ਵੱਲੋਂ ਵਾਪਸ ਕਰ ਦਿੱਤੀ ਜਾਵੇਗੀ ਅਤੇ ਜਲਦ ਹੀ ਨਵੇਂ ਨੋਟਿਸ ਸਾਰਿਆਂ ਨੂੰ ਜ਼ਾਰੀ ਕਰ ਦਿੱਤੇ ਜਾਣਗੇ।
ਇਸ ਮੌਕੇ ਐਂਟੀ-ਐਂਨਹਾਂਸਮੈਂਟ ਕਮੇਟੀ ਹਾਜ਼ਰ ਸੀ। ਜਿਸ ਵਿੱਚ ਸੁਖਦੇਵ ਸਿੰਘ ਪਟਵਾਰੀ ਕਨਵੀਨਰ ਐਂਟੀ ਐਨਹਾਂਸਮੈਂਟ ਕਮੇਟੀ ਸੈਕਟਰ 76-80, ਰਜੀਵ ਵਸ਼ਿਸ਼ਟ, ਜਰਨੈਲ ਸਿੰਘ, ਚਰਨਜੀਤ ਕੌਰ ਦਿਓਲ, ਮੇਜਰ ਸਿੰਘ, ਸੁੱਖਚੈਨ ਸਿੰਘ ਅਤੇ ਇਨ੍ਹਾਂ ਸੈਕਟਰਾਂ ਦੇ ਹੋਰ ਵਤਵੰਤੇ ਸੱਜਣ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।